ਚੰਡੀਗੜ੍ਹ ਪੀਜੀਆਈ (Chandigarh PGI) ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕਨਵੋਕੇਸ਼ਨ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਰੀਬ 508 ਡਾਕਟਰਾਂ ਨੂੰ ਡਿਗਰੀਆਂ ਵੰਡਣ ਦੇ ਨਾਲ-ਨਾਲ 80 ਡਾਕਟਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਹੈ। ਉਸ ਸਮੇਂ ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਦੀ ਸਿਫਤ ਕਰਦਿਆਂ ਕਿਹਾ ਕਿ ਇਹ ਸ਼ਹਿਰ ਯੋਜਨਾਬੰਦੀ ਦਾ ਸ਼ਾਨਦਾਰ ਹਿੱਸਾ ਹੈ।ਕੈਪੀਟਲ ਕੰਪਲੈਕਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸੁਖਨਾ ਝੀਲ ਇਸ ਦੀਆਂ ਚੰਗੀਆਂ ਉਦਾਹਰਣਾਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਉਹ 2021 ਵਿੱਚ ਸ਼ਿਮਲਾ ਘੁੰਮਣ ਗਏ ਸੀ ਤਾਂ ਰਸਤੇ ਵਿੱਚ ਉਨ੍ਹਾਂ ਦੀ ਬੇਟੀ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਉਸ ਸਮੇਂ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦਾ 6 ਹਫਤਿਆਂ ਤੱਕ ਇਲਾਜ ਚੱਲਿਆ। ਮੇਰੀ ਪਤਨੀ ਇੱਥੇ ਬੱਚਿਆਂ ਨਾਲ ਰਹਿੰਦੀ ਸੀ ਅਤੇ ਮੈਂ ਆਪਣਾ ਕੰਮ ਖਤਮ ਕਰਕੇ ਸ਼ਨੀਵਾਰ ਨੂੰ ਇੱਥੇ ਆਉਂਦਾ ਸੀ। ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਸਵੇਰੇ 3:00 ਵਜੇ ਦੇ ਕਰੀਬ ਸਾਡੀ ਧੀ ਨੂੰ ਕੋਈ ਸਮੱਸਿਆ ਹੈ, ਅਤੇ 5 ਮਿੰਟਾਂ ਵਿੱਚ ਹੀ ਡਾਕਟਰਾਂ ਦੀ ਪੂਰੀ ਟੀਮ ਉੱਥੇ ਪਹੁੰਚ ਗਈ ਸੀ। ਫਿਰ ਮੈਂ ਸੋਚਿਆ ਕਿ ਇਹ ਡਾਕਟਰ ਕਦੋਂ ਸੌਂਦੇ ਹਨ? ਜਦੋਂ ਮੇਰੀ ਧੀ ਇਲਾਜ ਤੋਂ ਬਾਅਦ ਹੱਸਦੀ ਹੋਈ ਉੱਥੋਂ ਜਾਣ ਲੱਗੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਜੋ ਵੀ ਇੱਥੇ ਇਲਾਜ ਲਈ ਆਉਂਦਾ ਹੈ, ਉਹ ਹੱਸਦਾ ਹੋਇਆ ਵਾਪਸ ਚਲਾ ਜਾਂਦਾ ਹੈ।
ਪੀਜੀਆਈ ਪਹੁੰਚਣ ਤੋਂ ਪਹਿਲਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰ ਚੁੱਕੇ ਹਨ। ਅਦਾਲਤ ‘ਚ ਤਕਨੀਕ ਦੀ ਵਰਤੋਂ ‘ਤੇ ਇਹ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜੱਜ ਪੁੱਜੇ ਹੋਏ ਹਨ।
ਇਸ ਮੌਕੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਤਕਨੀਕ ਰਾਹੀਂ ਨਿਆਂਪਾਲਿਕਾ ਨੂੰ ਆਮ ਨਾਗਰਿਕਾਂ ਤੱਕ ਲਿਜਾਣ ਵਿੱਚ ਅਹਿਮ ਯੋਗਦਾਨ ਹੋਵੇਗਾ। ਸਾਰਿਆਂ ਲਈ ਨਿਆਂ ਯਕੀਨੀ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਈ-ਕੋਰਟ ਦਾ ਤੀਜਾ ਪੜਾਅ ਸ਼ੁਰੂ ਹੋਣ ਵਾਲਾ ਹੈ। ਕੇਂਦਰ ਸਰਕਾਰ ਵੱਲੋਂ ਇਸ ਲਈ 7000 ਕਰੋੜ ਰੁਪਏ ਦਾ ਬਜਟ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ – ਮੁਹਾਲੀ ਦੇ ਇਕ ਹੋਰ ਪਿੰਡ ਨੇ ਪ੍ਰਵਾਸੀਆਂ ਖ਼ਿਲਾਫ਼ ਪਾਇਆ ਮਤਾ!