‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਸੰਗਰੂਰ ਦੇ ਕਸਬੇ ਭਵਾਨੀਗੜ੍ਹ ‘ਚ ਅੱਜ 5 ਸਤੰਬਰ ਨੂੰ ਸੀਟੂ ਕਿਸਾਨ ਸਭਾ ਤੇ ਕਿਸਾਨ ਯੂਨੀਅਨ ਜਥਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੀਟੂ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਆੜ ‘ਚ ਮੋਦੀ ਸਰਕਾਰ ਨੇ ਮੁਕੰਮਲ ਤੌਰ ’ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਅਤੇ ਮਿਹਨਤਕਸ਼ ਲੋਕਾਂ ਦੇ ਖ਼ਿਲਾਫ਼ ਆਰਡੀਨੈਂਸ ਜਾਰੀ ਕਰ ਦਿੱਤੇ।
ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਖਿਲਾਫ਼ ਜਾਰੀ ਕੀਤੇ ਖੇਤੀਬਾੜੀ ਆਰਡੀਨੈਂਸ ਤੇ ਬਿਜਲੀ ਬਿੱਲ 2020 ਵਾਪਸ ਲਏ ਜਾਣ। ਆਮਦਨ ਟੈਕਸ ਦੇ ਘੇਰੇ ਤੋਂ ਬਾਹਰ ਲੋਕਾਂ ਦੇ ਹਰ ਮਹੀਨੇ 7500 ਰੁਪਏ ਖਾਤਿਆਂ ‘ਚ ਪਾਏ ਜਾਣ ਅਤੇ ਹਰ ਵਿਅਕਤੀ ਨੂੰ 10 ਕਿਲੋ ਅਨਾਜ ਸਮੇਤ ਹੋਰ ਜ਼ਰੂਰੀ ਵਸਤਾਂ ਹਰ ਮਹੀਨੇ ਦਿੱਤੀਆਂ ਜਾਣ। ਇਸ ਮੌਕੇ ਜੋਗਿੰਦਰ ਸਿੰਘ, ਦਵਿੰਦਰ ਸਿੰਘ ਨੂਰਪੁਰਾ, ਹਰਬੰਸ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ ਬਲਿਆਲ, ਜਗਰੂਪ ਸਿੰਘ ਰਾਏ ਸਿੰਘ ਵਾਲਾ, ਜਗਦੇਵ ਸਿੰਘ ਕਾਲਾਝਾੜ, ਇੰਦਰਜੀਤ ਸਿੰਘ ਛੰਨਾ ਅਤੇ ਚਰਨ ਸਿੰਘ ਰਾਏਸਿੰਘ ਵਾਲਾ ਹਾਜ਼ਰ ਸਨ।