‘ਦ ਖ਼ਾਲਸ ਬਿਊਰੋ : ਚੀਨ ਵਿੱਚ ਜਿਵੇਂ ਹੀ ਕਰੋਨਾ ਨਾਲ ਜੁੜੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ, ਲੋਕਾਂ ਵਿੱਚ ਵਿਦੇਸ਼ ਜਾਣ ਦੀ ਦੋੜ ਸ਼ੁਰੂ ਹੋ ਗਈ ਹੈ। ਚੀਨ ਅਗਲੇ ਮਹੀਨੇ ਤੋਂ ਆਪਣੀਆਂ ਸਰਹੱਦਾਂ ਖੋਲ੍ਹਣ ਵਾਲਾ ਹੈ। ਇਸ ਐਲਾਨ ਤੋਂ ਬਾਅਦ ਹੀ ਚੀਨ ਦੇ ਲੋਕਾਂ ਨੇ ਵਿਦੇਸ਼ ਜਾਣ ਅਤੇ ਪਾਸਪੋਰਟ ਬਣਾਉਣ ਲਈ ਟਿਕਟਾਂ ਬੁੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਸ਼ੀ ਜਿਨਪਿੰਗ ਪ੍ਰਸ਼ਾਸਨ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਦੇਸ਼ ਭਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ‘ਜ਼ੀਰੋ ਕੋਵਿਡ’ ਨੀਤੀ ਵਿੱਚ ਕੁੱਝ ਛੋਟ ਦਿੱਤੀ ਸੀ। ਚੀਨੀ ਸਰਕਾਰ ਨੂੰ ‘ਜ਼ੀਰੋ ਕੋਵਿਡ’ ਨੀਤੀ ਖ਼ਿਲਾਫ਼ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਸਰਕਾਰ ਨੇ ਆਪਣੀਆਂ ਕਰੋਨਾ ਸਬੰਧੀ ਨੀਤੀਆਂ ਵਿਚ ਵੱਡੀ ਤਬਦੀਲੀ ਲਿਆਉਣ ਦਾ ਐਲਾਨ ਕੀਤਾ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਅੰਤਰਰਾਸ਼ਟਰੀ ਯਾਤਰਾ ਕਰਨ ਦੇ ਚਾਹਵਾਨ ਚੀਨੀ ਨਾਗਰਿਕਾਂ ਦੀਆਂ ਪਾਸਪੋਰਟ ਅਰਜ਼ੀਆਂ 8 ਜਨਵਰੀ ਤੋਂ ਦੁਬਾਰਾ ਸਵੀਕਾਰ ਕੀਤੀਆਂ ਜਾਣਗੀਆਂ। ਚੀਨ ਵਿੱਚ ਤਿੰਨ ਸਾਲ ਦੀ ਸਖ਼ਤ ਕਰੋਨਾ ਪਾਬੰਦੀਆਂ ਤੋਂ ਬਾਅਦ ਹੁਣ ਨਿਯਮਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਉਦੋਂ ਤੋਂ ਯਾਤਰਾ ਸਾਈਟਾਂ ਦੀ ਆਵਾਜਾਈ ਬਹੁਤ ਵਧ ਗਈ ਹੈ ਪਰ, ਚੀਨੀ ਨਾਗਰਿਕਾਂ ਲਈ ਵਿਦੇਸ਼ ਯਾਤਰਾ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਕੁਝ ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਯਾਤਰਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ।
ਅਮਰੀਕਾ ਦੇ ਅਧਿਕਾਰੀ ਚੀਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਵੀਆਂ ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰ ਰਹੇ ਹਨ। ਇਹ ਪਾਬੰਦੀਆਂ ਚੀਨ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਅਤੇ ਸਰਕਾਰ ਦੀ ਪਾਰਦਰਸ਼ਤਾ ਦੀ ਘਾਟ ਕਾਰਨ ਲਗਾਈਆਂ ਜਾਣਗੀਆਂ।
ਉੱਧਰ ਜਾਪਾਨ ਨੇ ਚੀਨ ਵਿਚ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਇਹ ਐਲਾਨ ਕੀਤਾ। ਕੌਮੀ ਸਿਹਤ ਕਮਿਸ਼ਨ (ਐੱਨਐੱਚਸੀ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਪ੍ਰਬੰਧਨ ਨੂੰ ਅਗਲੇ ਮਹੀਨੇ ਡੇਂਗੂ ਵਰਗੀਆਂ ਘੱਟ ਘਾਤਕ ਬਿਮਾਰੀਆਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਇਸੇ ਤਰ੍ਹਾਂ ਭਾਰਤ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਵੀ ਨੈਗੇਟਿਵ ਟੈਸਟ ਰਿਪੋਰਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਹੈ।