Punjab

SSP ਚੰਡੀਗੜ੍ਹ ਨੂੰ ਹਟਾਉਣ ‘ਤੇ ਮਾਨ ਹੋਏ ਔਖੇ,ਰਾਜਪਾਲ ਸਾਹਮਣੇ ਰੱਖੇ ਸਵਾਲ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਐਸਐਸਪੀ ਵਿਵਾਦ ‘ਤੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਪੰਜਾਬ ਕੈਡਰ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਅਹੁਦੇ ਤੋਂ ਹਟਾਉਣ ‘ਤੇ ਮੁੱਖ ਮੰਤਰੀ ਪੰਜਾਬ ਨੇ ਤਿੱਖਾ ਵਿਰੋਧ ਜਾਹਿਰ ਕੀਤਾ ਹੈ । ਉਹਨਾਂ ਇਸ ਸਬੰਧ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿਠੀ ਲਿੱਖੀ ਹੈ ਤੇ ਸਖ਼ਤ ਇਤਰਾਜ਼ ਜਾਹਿਰ ਕੀਤਾ ਹੈ ।

ਉਹਨਾਂ ਕਿਹਾ ਹੈ ਕਿ ਐਸਐਸਪੀ ਚਾਹਲ ਦਾ ਕਾਰਜਕਾਲ ਹਾਲੇ ਸਤੰਬਰ ਮਹੀਨੇ ਤੱਕ ਬਾਕੀ ਸੀ,ਤਿੰਨ ਸਾਲ ਵੀ ਪੂਰੇ ਨਹੀਂ ਸੀ ਹੋਏ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ ਹੈ।

ਹਾਲਾਂਕਿ ਐਸਐਸਪੀ ਨੂੰ ਤਿੰਨ ਸਾਲ ਦਾ ਸਮਾਂ ਪੂਰਾ ਹੋਣ ਤੇ ਹੀ ਹਟਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਬਕਾਇਦਾ ਤਿੰਨ ਨਾਵਾਂ ਦਾ ਪੈਨਲ ਭੇਜਦੀ ਸੀ,ਜਿਸ ਵਿੱਚੋਂ ਐਸਐਸਪੀ ਦੀ ਨਿਯੁਕਤੀ ਹੁੰਦੀ ਸੀ ਪਰ ਇਸ ਵਾਰ ਇਸ ਸਬੰਧ ਵਿੱਚ ਪੰਜਾਬ ਸਰਾਕਰ ਨੂੰ ਕੋਈ ਵੀ ਸੂਚਨਾ ਤੱਕ ਨਹੀਂ ਦਿੱਤੀ ਗਈ ਤੇ ਹਰਿਆਣਾ ਕੈਡਰ ਦੇ ਮਨੀਸ਼ਾ ਚੌਧਰੀ ਨੂੰ ਐਸਐਸਪੀ ਲਗਾ ਦਿੱਤਾ ਗਿਆ। ਜਿਸ ਦਾ ਮੁੱਖ ਮੰਤਰੀ ਮਾਨ ਨੇ ਸਖ਼ਤ ਵਿਰੋਧ ਕੀਤਾ ਹੈ ਤੇ ਰਾਜਪਾਲ ਨੂੰ ਚਿੱਠੀ ਲਿਖੀ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕਰਦੇ ਹੋਏ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਮਨੀਸ਼ਾ ਚੌਧਰੀ ਨੂੰ ਐਸਐਸਪੀ ਦੀ ਨਵੀਂ ਜਿੰਮੇਵਾਰੀ ਸੌਂਪੀ ਗਈ ਹੈ।

ਜਾਰੀ ਹੁਕਮਾਂ ਅਨੁਸਾਰ 2009 ਬੈਚ ਦੇ ਆਈਪੀਐਸ ਕੁਲਦੀਪ ਚਾਹਲ ਦੀ ਥਾਂ 2011 ਬੈਚ ਦੀ ਆਈਪੀਐਸ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਐਸਐਸਪੀ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਇਸਤੋਂ ਪਹਿਲਾਂ ਉਹ ਐਸਐਸਪੀ ਟ੍ਰੈਫਿਕ ਚੰਡੀਗੜ੍ਹ ਦੀਆਂ ਸੇਵਾਵਾਂ ਨਿਭਾਅ ਰਹੇ ਸਨ।