Punjab

“ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇਗਾ”, ਮੁੱਖ ਮੰਤਰੀ ਮਾਨ

ਲੁਧਿਆਣਾ :  ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ-ਏ -ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਰੱਖਣ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਹੈ ਤੇ ਇਹ ਵੀ ਐਲਾਨ ਕੀਤਾ ਹੈ ਕਿ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇਗਾ।

ਹਾਲਾਂਕਿ ਹਾਲੇ ਦੋ ਦਿਨ ਪਹਿਲਾਂ ਹੀ ਸੂਬਾ ਸਰਕਾਰ ਦੇ ਪ੍ਰਮੁਖ ਸਕੱਤਰ ਸ਼ਹਿਰੀ ਹਵਾਬਾਜ਼ੀ ਰਾਹੁਲ ਭੰਡਾਰੀ ਨੇ ਦਿੱਲੀ ਵਿੱਚ ਇਹ ਮੰਗ ਰੱਖੀ ਸੀ ਕਿ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਦੇ ਨਾਲ ਚੰਡੀਗੜ੍ਹ ਦੀ ਬਜਾਇ ਮੁਹਾਲੀ ਦਾ ਨਾਂ ਜੋੜਿਆ ਜਾਣਾ ਚਾਹਿਦਾ ਹੈ ਕਿਉਂਕਿ ਹਵਾਈ ਅੱਡੇ ਦਾ ਟਰਮੀਨਲ ਜਿਲ੍ਹਾ ਮੁਹਾਲੀ ਦੀ ਜ਼ਮੀਨ ਵਿੱਚ ਪੈਂਦਾ ਹੈ।

ਮੁੱਖ ਮੰਤਰੀ ਮਾਨ ਅੱਜ ਲੁਧਿਆਣਾ ਵਿੱਚ ਵੇਰਕਾ ਮਿਲਕ ਪਲਾਂਟ ਦੇ ਅਪਗ੍ਰੇਡਸ਼ਨ ਦੇ ਨਾਲ ਨਾਲ ਆਟੋਮੇਟੇਡ ਮਿਲਕ ਪ੍ਰੋਸੈਸਿੰਗ ਪਲਾਂਠ ਅਤੇ ਬਟਰ ਪਲਾਂਟ ਦਾ ਉਦਘਾਟਨ ਵੇਲੇ ਬੋਲ ਰਹੇ ਸਨ। ਜੋ ਕਿ 105 ਕਰੋੜ ਦੀ ਲਾਗਤ ਨਾਲ ਬਣਿਆ ਹੈ ਤੇ ਰੋਜ਼ਾਨਾ 9 ਲੱਖ ਲੀਟਰ ਦੁੱਧ ਪ੍ਰੋਸੈਸਿੰਗ ਦੀ ਸਮਰੱਥਾ ਰੱਖਦਾ ਹੈ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਇਸ ਮੌਕੇ SYL ਦੇ ਮੁੱਦੇ ‘ਤੇ ਵਿਰੋਧੀ ਧਿਰ ਵਲੋਂ ਲਗਾਤਾਰ ਘੇਰੇ ਜਾਣ ਤੇ ਵੀ ਮਾਨ ਨੇ ਜੰਮ ਕੇ ਆਪਣੇ ਦਿਲ ਦੀ ਭੜਾਸ ਕੱਢੀ ਹੈ ਤੇ ਕਿਹਾ ਹੈ ਕਿ ਸਾਡੀ ਪਾਰਟੀ ਸਿਰਫ 8 ਸਾਲ ਪੁਰਾਣੀ ਹੈ ਤੇ ਇਹ ਮਸਲਾ ਕਈ ਸਾਲ ਪੁਰਾਣਾ। ਇਹ ਕੰਢੇ ਰਵਾਇਤੀ ਪਾਰਟੀਆਂ ਨੇ ਬੀਜੇ ਹੋਏ ਨੇ ਪਰ ਪਰ ਗਾਲਾਂ ਸਾਨੂੰ ਪੈ ਰਹੀਆਂ ਹਨ। ਇਸ ਸਬੰਧ ਵਿੱਚ ਮੈਂ ਆਪਣੀ ਪਾਰਟੀ ਦਾ ਸਟੈਂਡ ਸਾਫ਼ ਕੀਤਾ ਸੀ ਕਿ ਨਾ ਤਾਂ ਸਾਡੇ ਕੋਲ ਵਾਧੂ ਪਾਣੀ ਹੈ ਤੇ ਨਾ ਹੀ ਅਸੀਂ ਕਿਸੇ ਨੂੰ ਦੇ ਸਕਦੇ ਹਾਂ ।

ਉਹਨਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਸਹੀ ਤੇ ਨਿਰਪੱਖ ਖ਼ਬਰ ਦਿਖਾਉਣ ਨਾ ਕਿ ਬੇ-ਸਿਰ ਪੈਰ ਦੀ ਖ਼ਬਰ ਦਾ ਬੇਵਜਾ ਹਊਆ ਬਣਾਉਣ। ਕਮੀਆਂ ਵੀ ਜ਼ਰੂਰ ਦੱਸਣ ਪਰ ਪੱਖਪਾਤੀ ਰਵਈਆ ਵੀ ਠੀਕ ਨਹੀਂ ਹੈ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਆਪਣੇ ਸੰਬੋਧਨ ਦੇ ਦੌਰਾਨ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਇਸ ਪਲਾਂਟ ਦੀ ਸਮੱਰਥਾ ਨੂੰ ਵਧਾਇਆ ਜਾਵੇਗਾ ਤੇ ਵੇਰਕਾ ਦਾ ਇੱਕ plant ਦਿੱਲੀ ਵਿੱਚ ਵੀ ਲਗੇਗਾ, ਜਿਸ ਸਬੰਧ ਵਿੱਚ ਦਿੱਲੀ ਸਰਕਾਰ ਦੀ ਮੰਜੂਰੀ ਮਿਲ ਚੁੱਕੀ ਹੈ। ਹੁਣ ਦਿੱਲੀ ਵਿੱਚ ਵੀ ਵੇਰਕਾ ਦੇ ਬੂਥ ਖੋਲੇ ਜਾਣਗੇ।
ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਮਾਰਕਫੈਡ ਦੇ ਉਤਪਾਦਾਂ ਦੀ ਸਪਲਾਈ ਵਧਾਈ ਜਾਵੇਗੀ ਤੇ ਇਸ ਸਬੰਧ ਵਿੱਚ ਗੱਲ ਚੱਲ ਰਹੀ ਹੈ।

ਪਹਿਲਾਂ ਦੀਆਂ ਸਰਕਾਰਾਂ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਹੈ ਕਿ ਪਹਿਲਾਂ ਤਰੱਕੀ ਦਿਖਦੀ ਨਹੀਂ ਸੀ ਪਰ ਹੁਣ ਜਨਤਾ ਇਸ ਦੀ ਗਵਾਹ ਬਣ ਰਹੀ ਹੈ। ਇਸ ਤੋਂ ਬਾਅਦ ਉਹਨਾਂ ਲਹਿਰਾਗਾਗਾ ਵਿੱਚ ਲੱਗੇ ਪਲਾਂਟ ਦੀ ਗੱਲ ਵੀ ਕੀਤੀ ਤੇ ਕਿਹਾ ਹੁਣ ਪੰਜਾਬ ਵਿੱਚ ਹੋਰ ਵੀ ਪਲਾਂਟ ਲਗਣਗੇ ਕਿਉਂਕਿ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸਹੀ ਮਾਹੌਲ ਬਣ ਗਿਆ ਹੈ ।

ਮੁੱਖ ਮੰਤਰੀ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਨਅਤੀ ਸ਼ਹਿਰ ਲੁਧਿਆਣੇ ਵਿੱਚ ਟਾਟਾ ਸਟੀਲ ਆਪਣਾ ਪਲਾਂਟ ਲਗਾਉਣ ਜਾ ਰਹੀ ਹੈ ,ਜੋ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ ਵਿੱਚ ਸਭ ਤੋਂ ਵੱਡਾ ਪਲਾਂਟ ਹੋਵੇਗਾ ਤੇ 26000 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿੱਚ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਸ ਤੋਂ ਇਲਾਵਾ ਉਹਨਾਂ ਇਹ ਵੀ ਦਸਿਆ ਹੈ ਕਿ ਹੋਰ ਵੀ ਕਈ ਕੰਪਨੀਆਂ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਦਾ ਮਨ ਬਣਾ ਚੁਕੀਆਂ ਹਨ ਪਰ ਇਸ ਲਈ ਹੁਣ ਪੰਜਾਬ ਦੀ ਸਿਖਿਆ ਪ੍ਰਣਾਲੀ ਨੂੰ ਹੋਰ ਸੁਧਾਰਨਾ ਪਵੇਗਾ ਤੇ skill development ਤੇ ਜ਼ੋਰ ਦੇਣਾ ਪਵੇਗਾ,ਜੇ ਕਿ ਅੱਜ ਦੀ ਬਹੁਤ ਵੱਡੀ ਲੋੜ ਹੈ। ਹਰ ਹੁੰਨਰਮੰਦ ਵਿਅਕਤੀ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹਿਦਾ ਹੈ।

ਡੇਅਰੀ ਦਾ ਕੰਮ ਨੂੰ ਕਿਸਾਨ ਜੇਕਰ ਸਹਾਇਕ ਧੰਧੇ ਨੂੰ ਅਪਣਾ ਲਵੇ ਤਾਂ ਇਹ ਇੱਕ ਵਧੀਆ ਆਮਦਨ ਦਾ ਸ੍ਰੋਤ ਬਣ ਸਕਦਾ ਹੈ।

ਉਹਨਾਂ ਇੱਛਾ ਜ਼ਾਹਿਰ ਕੀਤੀ ਹੈ ਕਿ ਪੰਜਾਬ ਦੇ ਨੋਜਵਾਨਾਂ ਨੂੰ ਉਹ ਨੌਕਰੀਆਂ ਦੇਣ ਵਾਲੇ ਬਣਾਉਣਾ ਚਾਹੁੰਦੇ ਹਨ,ਨਾ ਕਿ ਨੌਕਰੀਆਂ ਮੰਗਣ ਵਾਲੇ। ਇਸ ਲਈ ਸਹਾਇਕ ਧੰਧਿਆਂ ਤੇ ਛੋਟੇ ਛੋਟੇ start-ups ਵੱਲ ਧਿਆਨ ਦਿੱਤਾ ਜਾਣਾ ਚਾਹਿਦਾ ਹੈ।

ਲੁਧਿਆਣੇ ਨੂੰ ਆਪਣੀ ਕਰਮ ਭੂਮੀ ਦੱਸਦਿਆਂ ਉਹਨਾਂ ਦੱਸਿਆ ਕਿ 556 ਡੇਅਰੀ ਫਾਰਮ ਤੇ 856 ਦੁੱਧ ਉਤਪਾਦਕ ਤੇ ਸਹਿਕਾਰੀ ਸੰਸਥਾਵਾਂ ਇਸ ਪਲਾਂਟ ਦੇ ਨਾਲ ਜੁੜੀਆਂ ਹੋਈਆਂ ਹਨ ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਪਿਛਲੇ ਦਿਨੀਂ ਪਸ਼ੂਆਂ ਨੂੰ ਹੋਈ ਬੀਮਾਰੀ ਕਾਰਨ ਦੁੱਧ ਉਤਪਾਦਨ ਘਟਿਆ ਹੈ। ਇਸ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਪਸ਼ੂ ਪਾਲਕਾਂ ਨੂੰ ਮੁੱੜ ਤੋਂ ਪੈਰਾਂ ਤੇ ਖੜਾ ਕੀਤਾ ਜਾਵੇ।

ਮੁੱਖ ਮੰਤਰੀ ਮਾਨ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਾਈਆਂ ਹਨ ਤੇ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਲਈ ਯਤਨਸ਼ੀਲ ਹੈ ਤੇ ਕਈ ਵਿਭਾਗਾਂ ਵਿੱਚ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇੱਕ ਵਿਧਾਇਕ ਇਕ ਪੈਨਸ਼ਨ ਸਕੀਮ ਲਾਗੂ ਹੋਣ ਨਾਲ ਬਚੇ ਪੈਸੇ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਰਤਿਆ ਜਾਵੇਗਾ।

ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਿਸੇ ਨੂੰ ਬਖਸ਼ਿਆ ਜਾਵੇਗਾ। ਕਿਉਂਕਿ ਆਮ ਲੋਕ ਟੈਕਸ ਦਿੰਦੇ ਹਨ ਤੇ ਉਸ ਨੂੰ ਸਹੀ ਪਾਸੇ ਲਾਉਣਾ ਜ਼ਰੂਰੀ ਹੈ। ਮਾਨ ਨੇ ਬੜੇ ਵਧੀਆ ਤਰੀਕੇ ਨਾਲ ਆਮ ਲੋਕਾਂ ਨੂੰ ਟੈਕਸਾਂ ਬਾਰੇ ਸਮਝਾਇਆ। ਮਾਨ ਨੇ ਸਵਾਲ ਵੀ ਕੀਤਾ ਕਿ ਜਦ ਆਮ ਲੋਕ ਸੁੱਤੇ ਪਏ ਵੀ ਆਮ ਲੋਕ ਟੈਕਸ ਦੇ ਰਹੇ ਹਨ ਤਾਂ ਖ਼ਜਾਨਾ ਖਾਲੀ ਕਿਵੇਂ ਹੋ ਸਕਦਾ ਹੈ?

ਕਈ ਸਰਕਾਰੀ ਦਫਤਰਾਂ ਵਿੱਚ ਮੋਬਾਇਲ ਅੰਦਰ ਲਿਜਾਉਣ ਤੇ ਲੱਗੀ ਪਾਬੰਦੀ ਬਾਰੇ ਉਹਨਾਂ ਕਿਹਾ ਕਿ ਇਸ ਨੂੰ ਵੀ ਗੈਰ ਕਾਨੂੰਨੀ ਮੰਨਿਆ ਜਾਵੇਗਾ।

ਪੰਜਾਬ ਦੇ ਮਾੜੇ ਹੁੰਦੇ ਜਾ ਰਹੇ ਹਾਲਾਤਾਂ ਨੂੰ ਮੁੜ ਸਵਾਰਨ ਦੀ ਉਮੀਦ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਗੁਰੂਆਂ ਦੇ ਕਹੇ ਤੇ ਚੱਲ ਕੇ ਪੰਜਾਬ ਦੀ ਆਬੋ ਹਵਾ ਨੂੰ ਮੁੜ ਸਹੀ ਕੀਤਾ ਜਾ ਸਕਦਾ ਹੈ।

ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਆਪਣੀ ਤਕਰੀਰ ਨੂੰ ਖ਼ਤਮ ਕੀਤਾ ਤੇ ਸਾਰਿਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ।