Punjab

‘CM ਮਾਨ ਨੇ ਰੈਲੀ ‘ਚ ਲੋਕਾਂ ਤੋਂ ਮੁਆਫੀ ਮੰਗੀ’ ! ‘ਅਣਜਾਣੇ ਵਿੱਚ ਗਲਤੀ ਹੋਈ’

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੋਈ ਹੈ । ਅੰਮ੍ਰਿਤਸਰ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਾਨ ਨੇ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਰੈਲੀ ਕੀਤੀ । ਪੱਟੀ ਵਿਧਾਨ ਸਭਾ ਹਲਕੇ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਜਲਦੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨੂੰ ਪੂਰਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।

ਲਾਲਜੀਤ ਭੁੱਲਰ ਵੱਲੋਂ ਪ੍ਰਚਾਰ ਦੌਰਾਨ ਰਾਮਗੜੀਆਂ ਅਤੇ ਸੁਨਿਆਰਾ ਭਾਈਚਾਰੇ ਬਾਰੇ ਦਿੱਤੇ ਵਿਵਾਦਤ ਬਿਆਨ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਸਭ ਤੋਂ ਗਲਤੀ ਹੋ ਸਕਦੀ ਹੈ। ਇਸ ਦੀ ਜਾਣਕਾਰੀ ਮਿਲਣ ‘ਤੇ ਮੈਂ ਖੁਦ ਲਾਲਜੀਤ ਨੂੰ ਮਾਫੀ ਮੰਗਣ ਲਈ ਕਿਹਾ ਸੀ। ਮੁੱਖ ਮੰਤਰੀ ਨੇ ਕਿਹਾ ਇਸ ਘਟਨਾ ‘ਤੇ ਮੁੱਖ ਮੰਤਰੀ ਹੋਣ ਦੇ ਨਾਤੇ ਸਭ ਤੋਂ ਮਾਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸਭ ਨੂੰ ਨਾਲ ਲੈਕੇ ਚੱਲਣ ਵਿੱਚ ਯਕੀਨ ਰੱਖਦੇ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ, ਜੋ ਆਮ ਆਦਮੀ ਪਾਰਟੀ ਦੀ ਮਦਦ ਤੋਂ ਬਿਨਾ ਨਹੀਂ ਬਣ ਸਕਦੀ। ਕੇਂਦਰ ‘ਚ ਸਰਕਾਰ ਬਣਨ ਤੋਂ ਬਾਅਦ ਪੰਜਾਬ ਤਰੱਕੀ ਦੀ ਰਾਹ ‘ਤੇ ਹੋਵੇਗਾ।

ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਕੀਤੇ ਹੋਏ ਕੰਮਾਂ ਨੂੰ ਗਿਣਾਉਂਦਿਆਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਗੁਰੂ ਸਾਹਿਬਾਨ ਦੀ ਪਾਲਕੀ ਸਾਹਿਬ ਵਾਲੀ ਗੱਡੀ ਦਾ ਟੈਕਸ ਮੁਆਫ ਕਰਨ ਦੇ ਨਾਲ-ਨਾਲ ਇਸ ਮਹੀਨੇ ਬਿਜਲੀ ਵੇਚ ਕੇ 90 ਕਰੋੜ ਦੀ ਕਮਾਈ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 2 ਸਾਲਾ ਵਿੱਚ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿਨ ਵਿੱਚ ਹੀ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਭਾਜਪਾ ‘ਤੇ ਵਾਰ ਕਰਦਿਆਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਹੈ। ਜਿਸ ਕਾਰਨ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਉਸ ਦੀ ਸੋਚ ਨੂੰ ਨਹੀਂ।

ਇਹ ਵੀ ਪੜ੍ਹੋ – ਬਦਲ ਗਿਆ ਪੰਜਾਬ ਦਾ ਮੌਸਮ! ਮੀਂਹ, ਗੜੇਮਾਰੀ, ਤੂਫਾਨ! ਇੰਨੇ ਦਿਨ ਪਏਗਾ ਸੂਬੇ ’ਚ ਮੀਂਹ