Punjab

“ਬੇਅਦਬੀ ਲਈ ਬਾਦਲ-ਪਿਉ ਪੁੱਤ ਜਿੰਮੇਵਾਰ ਹਨ “,ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੀਤਾ ਦਾਅਵਾ

ਅਬੋਹਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਾਲਵਾ ਇਲਾਕੇ ਵਿੱਚ ਪੈਂਦੇ ਪਿੰਡਾਂ ਲਈ ਅਬੋਹਰ-ਫਾਜ਼ਿਲਕਾ ਇਲਾਕੇ ਵਿੱਚ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ ਹੈ। ਆਪਣੇ ਸੰਬੋਧਨ ਵਿੱਤ ਮਾਨ ਨੇ ਦੱਸਿਆ ਹੈ ਕਿ ਅੱਜ ਸ਼ੁਰੂ ਕੀਤੀ ਗਈ ਯੋਜਨਾ ਵਿੱਚ ਫਾਜ਼ਿਲਕਾ ਬਲਾਕ ਦੇ ਅਬੋਹਰ ਇਲਾਕੇ ਦੇ 122 ਪਿੰਡਾਂ ਤੇ 15 ਢਾਣੀਆਂ  ਨੂੰ ਫਾਇਦਾ ਪਹੁੰਚੇਗਾ।

ਇਸ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਖਰਾਬ ਸੀ। ਜਿਸ ਕਾਰਨ ਲੋਕਾਂ ਦੀ ਹੀ ਮੰਗ ‘ਤੇ ਇਹ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਅਧੀਨ ਗੰਗ ਕੈਨਾਲ ਤੋਂ ਪਾਣੀ ਲੈ ਕੇ ਪੱਤਰੇਵਾਲਾ ਵਿੱਖੇ 68 ਐਮਐਲਡੀ ਵਾਟਰ ਟਰੀਟਮੈਂਟ ਪਲਾਂਟ ਵਿੱਚ ਪਹੁੰਚਾਇਆ ਜਾਵੇਗਾ ,ਜਿਸ ਨਾਲ 122 ਪਿੰਡਾਂ ਦੇ 80,000 ਪਰਿਵਾਰਾਂ ਨੂੰ ਲਾਭ ਹੋਵੇਗਾ। ਇਸ ਇਲਾਕੇ ਵਿੱਚ ਪਾਣੀ ਪਹੁੰਚਾਉਣ ਲਈ 440 ਕਿਲੋਮੀਟਰ ਪਾਈਪਾਂ ਦਾ ਜਾਲ ਵਿਛਾਇਆ ਗਿਆ ਹੈ ਤੇ ਇਸ ‘ਤੇ 400 ਕਰੋੜ ਦੇ ਲਗਭਗ ਖਰਚ ਆਇਆ ਹੈ।ਮਾਨ ਨੇ ਕਿਹਾ ਹੈ ਕਿ ਭਾਵੇਂ ਇਸ ਦੇ ਸਤੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਪਰ ਸਰਕਾਰ ਦੀ ਪੁਰਜੋਰ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਸ ਦਾ ਕੰਮ ਪੂਰਾ ਹੋ ਹੋ ਜਾਵੇ।

ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਨਰਮੇ ਦੀ ਫਸਲ ਲਈ ਇਸ ਇਲਾਕੇ ਦੀਆਂ ਨਹਿਰਾਂ ਵਿੱਚ 28,29 ਮਾਰਚ ਨੂੰ ਪਾਣੀ ਛੱਡਿਆ ਜਾਵੇਗਾ ਤੇ ਪਾਣੀ ਦੀ ਚੋਰੀ ਰੋਕਣ ਲਈ ਪੁਲਿਸ ਦੀ ਡਿਊਟੀ ਲਗਾਈ ਜਾਵੇਗੀ। ਮਾਨ ਨੇ 12 ਫਰਵਰੀ ਨੂੰ ਹੋਈ ਕਿਸਾਨ-ਸਰਕਾਰ ਦੀ ਮਿਲਣੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਮੌਕੇ 15000 ਕਿਸਾਨ ਆਏ ਸੀ ਤੇ ਅਲੱਗ ਅਲੱਗ ਸਟਾਲ ਲਾਏ ਗਏ ਸੀ। ਜਦੋਂ ਕਿਸਾਨਾਂ ਦੀ ਪਾਣੀ ਦੀਆਂ ਲੋੜਾਂ ਬਾਰੇ ਪੁੱਛਿਆ ਗਿਆ ਸੀ ਤਾਂ ਮਾਲਵਾ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਨਰਮੇ ਦੇ ਫਸਲ ਲਈ 1 ਅਪ੍ਰੈਲ ਤੋਂ ਨਹਿਰੀ ਪਾਣੀ ਦੀ ਮੰਗ ਕੀਤੀ ਸੀ,ਜਿਸ ਤੋਂ ਬਾਅਦ ਹੁਣ ਸਰਕਾਰ ਨਹਿਰਾਂ ਰਾਹੀਂ ਕਿਸਾਨਾਂ ਲਈ ਪਾਣੀ ਦਾ ਪ੍ਰਬੰਧ ਕਰਨ ਜਾ ਰਹੀ ਹੈ।  ਮਾਨ ਨੇ ਇਹ ਵੀ ਕਿਹਾ ਹੈ ਕਿ ਨਹਿਰਾਂ ਨੂੰ ਸੁਧਾਰਿਆ ਜਾਵੇਗਾ ਤੇ ਸਾਫ ਕਰਵਾਇਆ ਜਾਵੇਗਾ।

ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸੱਮਸਿਆ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਇਹ ਬਹੁਤ ਵੱਡੀ ਮੁਸ਼ਕਿਲ ਹੈ। ਪੀਣ ਵਾਲਾ ਪਾਣੀ ਵਿੱਚ ਘੁਲੇ ਤੱਤਾਂ ਨਾਲ ਘਾਤਕ ਬੀਮਾਰੀਆਂ ਪੈਦਾ ਹੋ ਰਹੀਆਂ ਹਨ।

ਮਾਨ ਨੇ ਇਸ ਗੱਲ ਦੀ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਪਾਰਲੀਮੈਂਟ ਵਿੱਚ ਵੀ ਪਾਣੀਆਂ ਦਾ ਮੁੱਦਾ ਚੁੱਕਿਆ ਸੀ ਤੇ ਪੰਜਾਬ ਦੇ ਪਾਣੀ ਦੇ ਸ੍ਰੋਤਾਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ।

ਬਾਦਲ ਪਿਉ ਪੁੱਤਰ ‘ਤੇ ਵੀ ਮਾਨ ਨੇ ਤੰਜ ਕਸਦਿਆਂ ਕਿਹਾ ਹੈ ਕਿ ਆਮ ਘਰਾਂ ਦੇ ਮੁੰਡਿਆਂ ਨੇ ਇਹਨਾਂ ਨੂੰ ਹਰਾਇਆ ਹੈ। ਬੇਅਦਬੀ ਲਈ ਵੀ ਇਹ ਜਿੰਮੇਵਾਰ ਹਨ ਤੇ ਹੁਣ ਸਜ਼ਾਵਾਂ ਵੀ ਭੁਗਤਣਗੇ। ਕੱਲ ਪੇਸ਼ ਕੀਤੇ ਗਏ ਚਲਾਨ ਨੂੰ ਲੈ ਕੇ ਮਾਨ ਨ ਕਿਹਾ ਕਿ ਹੁਣ ਇਹਨਾਂ ਦੀ ਨੀਂਦ ਹਰਾਮ ਹੋ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਤਾਂ ਹਕਲਾਉਣ ਵੀ ਲੱਗ ਪਏ ਹਨ ਕਿਉਂਕਿ ਝੂਠੇ ਹਨ।  ਪਰ ਹੁਣ ਮੋਜੂਦਾ ਸਰਕਾਰ ਹਰ ਤਰਾਂ ਦੇ ਹਿਸਾਬ ਇਹਨਾਂ ਤੋਂ ਲਵੇਗੀ।

ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਬਖਸ਼ਿਆ ਤੇ ਕਿਹਾ ਕਿ ਉਹ ਤਾਂ ਘਰੋਂ ਹੀ ਨਹੀਂ ਸੀ ਨਿਕਲਦੇ ਤੇ ਹਮੇਸ਼ਾ ਉਹਨਾਂ ਆਮ ਜਨਤਾ ਤੋਂ ਦੂਰੀ ਬਣਾ ਕੇ ਰੱਖੀ ਹੈ ।ਵਿਰੋਧੀ ਧਿਰ ਹੁਣ ਬਾਹਰ ਨਿਕਲਣ ਜੋਗੀ ਤਾਂ ਰਹੀ ਨੀ ਪਰ ਹੁਣ ਬਹੁਤ ਜਲਦੀ ਅੰਦਰ ਜਰੂਰ ਹੋ ਜਾਵੇਗੀ।

ਵਿਰੋਧੀ ਧਿਰਾਂ ‘ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਲਾਉਂਦੇ ਹੋਏ ਮਾਨ ਨੇ ਕਿਹਾ ਕਿ ਹਰੇਕ ਨੂੰ ਮਾੜੇ ਕੰਮਾਂ ਦੀ ਸਜ਼ਾ ਮਿਲੇਗੀ ਤੇ ਇਹਨਾਂ ‘ਤੇ ਹੁਣ ਪੱਕੇ ਪੈਰੀਂ ਕਾਰਵਾਈ ਕੀਤੀ ਜਾਵੇਗੀ। ਪੁਰਾਣੀਆਂ ਸਰਕਾਰਾਂ ਵੱਲੋਂ ਪਾਈਆਂ ਗੰਢਾਂ ਖੋਲਣ ਲਈ ਸਮਾਂ ਲੱਗ ਰਿਹਾ ਹੈ।

ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਵੱਲੋਂ ਚਲਾਈ ਸਕੀਮ ਬਾਰੇ ਦੱਸਦਿਆਂ ਕਿਹਾ ਹੈ ਕਿ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਡੋਰ ਟੂ ਡੋਰ ਅਫਸਰ ਆਇਆ ਕਰਨਗੇ। ਇਸ ਸੰਬੰਧ ਵਿੱਚ ਸਾਰੇ ਵੱਡੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਹਫਤੇ ਵਿੱਚ 2-3 ਦਿਨ ਪਿੰਡਾਂ ਦੇ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ। ਬਜ਼ੁਰਗਾਂ ਦੀਆਂ ਸਮੱਸਿਆਵਾਂ ਹਲ ਕਰਨ ਲਈ ਉਹਨਾਂ ਨੂੰ ਘਰ ਵਿੱਚ ਆ ਕੇ ਬਢਾਪਾ ਪੈਨਸ਼ਨ ਦਿੱਤੀ ਜਾਵੇਗੀ।

ਮਾਨ ਨੇ ਔਰਤਾਂ ਨੂੰ ਵੀ ਅੱਗੇ ਆਉਣ ਲਈ ਅਪੀਲ ਕਰਦਿਆਂ ਕਿਹਾ ਹੈ ਕਿ ਔਰਤਾਂ  ਹਰ ਖੇਤਰ ਵਿੱਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਉਹਨਾਂ ਤੋਂ ਬਿਨਾਂ ਨਾ ਘਰ ਤੇ ਨਾ ਹੀ ਮੁਲਕ ਚੱਲ ਸਕਦੇ ਹਨ। ਇਹ ਵੀ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਹੈ ਕਿ ਪੁਲਿਸ ਪ੍ਰਸ਼ਾਸਨ ਵਿੱਚ ਵੀ 5 ਕੁੜੀਆਂ ਐਸਐਸਪੀ,7 ਡੀਸੀ ਦੇ ਅਹੁਦੇ ਤੇ ਹਨ।ਆਪ ਨੇ ਵੀ 12 ਕੁੜੀਆਂ ਨੂੰ ਟਿਕਟਾਂ ਦਿੱਤੀਆਂ ਸੀ ਤੇ ਇਹਨਾਂ ਸਾਰੀਆਂ ਨੇ ਜਿੱਤ ਹਾਸਲ ਕੀਤੀ।

ਇਸ ਤੋਂ ਇਲਾਵਾ ਮਾਨ ਨੇ ਮੁਹੱਲਾ ਕਲੀਨਿਕ ਤੇ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਵੀ ਗਿਣਾਈਆਂ ਤੇ ਦਾਅਵਾ ਕੀਤਾ ਕਿ ਰਿਸ਼ਵਤਖੋਰਾਂ ਤੇ ਕਾਬੂ ਪਾਇਆ ਜਾ ਰਿਹਾ ਹੈ।  ਪੰਜਾਬ ਵਿੱਚ ਆ ਰਹੀ ਇੰਡਸਟਰੀ ਬਾਰੇ ਵੀ ਮਾਨ ਨੇ ਗੱਲ ਕੀਤੀ ਹੈ ਕਿ ਕੱਲ ਖ਼ਤਮ ਹੋਈ ਇਨਵੈਸਟਮੈਂਟ ਮੀਟ ਤੋਂ ਬਾਅਦ ਪੰਜਾਬ ਵਿੱਚ ਨਿਵੇਸ਼ ਦੇ ਮੌਕੇ ਵਧੇ ਹਨ ,ਜਿਸ ਨਾਲ ਬੇਰੁਜ਼ਗਾਰੀ ਖ਼ਤਮ ਹੋਵੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਪੱਖੀ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।