‘ਦ ਖ਼ਾਲਸ ਬਿਊਰੋ : ਬਰਨਾਲਾ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠੇ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਅਤੇ ਨੌਕਰੀਆਂ ਲਈ ਕਿਹਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਬੇਰੁਜ਼ਗਾਰ ਨਹੀਂ ਕਰਨਾ। ਤੁਹਾਡੇ ਤੋਂ ਤੁਹਾਡਾ ਹੀ ਕੰਮ ਕਰਵਾਇਆ ਜਾਵੇਗਾ, ਜੋ ਤੁਹਾਨੂੰ ਆਉਂਦਾ ਹੈ। ਮੈਂ ਤੁਹਾਡੇ ਕੋਲ ਖੜ ਗਿਆ ਹਾਂ, ਤੁਸੀਂ ਏਦਾਂ ਨਾ ਕਰੋ। ਦਰਅਸਲ, ਮੁਲਾਜ਼ਮਾਂ ਨੇ ਮੁੱਖ ਮੰਤਰੀ ਮਾਨ ਅੱਗੇ ਫੁੱਟ ਫੁੱਟ ਰੋ ਕੇ ਨੌਕਰੀ ਉੱਤੇ ਬਹਾਲ ਕਰਨ ਦੀ ਮੰਗ ਕੀਤੀ।
ਦਰਅਸਲ, ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਮੌਕੇ ਬਰਨਾਲਾ ਪਹੁੰਚੇ ਹੋਏ ਸਨ। ਇਸ ਮੌਕੇ ਠੀਕਰੀਵਾਲਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਸੂਬੇ ‘ਚ 17 ਸਕੂਲਜ਼ ਆਫ ਐਂਮੀਨੈਂਨਸ ਖੋਲ੍ਹੇ ਜਾਣਗੇ। ਮਾਨ ਨੇ 36 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਣ ਦਾ ਦਾਅਵਾ ਕੀਤਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਪੰਜਾਬ ਦਾ ਕੋਈ ਵੀ ਮੁੱਦਾ ਨਹੀਂ ਛੱਡਦਾ। ਮੈਂ ਇਸ ਗੱਲ ਨੂੰ ਲੈ ਕੇ ਚੱਲਦਾ ਹਾਂ ਕਿ ਜੇ ਤਾੜੀਆਂ ਮੇਰੀਆਂ ਹਨ ਤਾਂ ਫਿਰ ਗਾਲ੍ਹਾਂ ਵੀ ਮੇਰੀਆਂ ਹਨ। ਲੋਕਾਂ ਨੇ ਮੇਰੇ ਉੱਤੇ ਜ਼ਿੰਮੇਵਾਰੀਆਂ ਵਾਲਾ ਘੜਾ ਧਰਿਆ ਹੈ, ਇਸ ਕਰਕੇ ਮੈਂ ਡਰ ਡਰ ਕੇ ਪੈਰ ਧਰਦਾ ਹਾਂ। ਵਿਰੋਧੀ ਪਾਰਟੀਆਂ ਦੀ ਮੈਂ ਗੱਲ ਹੀ ਕਰਨੀ ਜੋ ਅਸੀਂ ਛੱਡੀ ਹੀ ਕੋਈ ਨਹੀਂ। ਉਹ ਮੇਰੇ ਬੂਟਾਂ, ਪੈਨ ਉੱਤੇ ਟਿੱਪਣੀਆਂ ਕਰਦੇ ਹਨ, ਕੀ ਇਹ ਕੋਈ ਪੰਜਾਬ ਦੇ ਮੁੱਦੇ ਹਨ। ਪੁਰਾਣੀਆਂ ਸਰਕਾਰਾਂ ਤਾਂ ਖ਼ਜ਼ਾਨਾ ਖਾਲੀ ਕਰਨ ਦਾ ਢੰਡੋਰਾ ਪਿੱਟਦੀਆਂ ਰਹੀਆਂ ਹਨ।
ਮਾਨ ਨੇ ਕਿਹਾ ਕਿ ਮੁਹਾਲੀ ਏਅਰਪੋਰਟ ਵਿੱਚ ਸ਼ਹੀਦ ਭਗਤ ਸਿੰਘ ਦਾ 35 ਫੁੱਟ ਉੱਚਾ ਬੁੱਤ ਲਗਾਇਆ ਜਾਵੇਗਾ। ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਣ ਲਈ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਵਾਂਗੇ। ਮਾਨ ਨੇ ਕਿਹਾ ਕਿ ਅਸੀਂ ਬਰਨਾਲਾ ਤੋਂ ਪਾਣੀ ਬਚਾਉਣ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰ ਰਹੇ ਹਾਂ।
ਤਿੰਨ ਪੀੜੀਆਂ ਤੋਂ ਸਾਡੇ ਨਾਲ ਧੋਖੇ ਹੁੰਦੇ ਆਏ ਹਨ। ਹੁਣ ਘਰੇ ਆ ਕੇ ਰਜਿਸਟਰੀਆਂ ਹੋਇਆ ਕਰਨਗੀਆਂ। ਅਫ਼ਸਰ ਘਰੇ ਆ ਕੇ ਰਜਿਸਟਰੀਆਂ ਕਰਿਆ ਕਰਨਗੇ। ਹੁਣ ਉਹ ਸਰਕਾਰ ਆਈ ਹੈ ਜਿੱਥੇ ਕੋਈ ਮੁੱਖ ਮੰਤਰੀ ਨੂੰ ਹੱਥ ਦੇ ਕੇ ਵੀ ਰੋਕ ਸਕਦਾ ਹੈ ਅਤੇ ਮੈਂ ਰੁਕਦਾ ਵੀ ਹਾਂ। ਪੁਲਿਸ ਵਿੱਚ ਭਰਤੀ ਲਈ ਹਰੇਕ ਸਾਲ ਜਨਵਰੀ ਮਹੀਨੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੇਗਾ, ਮਈ ਜੂਨ ਵਿੱਚ ਲਿਖਤੀ ਪੇਪਰ, ਅਗਸਤ ਵਿੱਚ ਉਸਦਾ ਰਿਜ਼ਲਟ, ਅਕਤੂਬਰ ਵਿੱਚ ਫਿਜ਼ੀਕਲ ਟੈਸਟ ਅਤੇ ਦਸੰਬਰ ਵਿੱਚ 2200 ਪੁਲਿਸ ਦੇ ਜਵਾਨ ਅਤੇ 300 ਸਬ ਇੰਸਪੈਕਟਰ ਭਰਤੀ ਕੀਤੇ ਜਾਣਗੇ। ਕਿਸੇ ਦੀ ਕੋਈ ਵੀ ਸਿਫਾਰਸ਼ ਨਹੀਂ ਚੱਲੇਗੀ।