Punjab

ਪਟਿਆਲਾ ਵਿੱਚ ਹੋਇਆ ਪਹਿਲੀ ਸੀਐਮ ਯੋਗਸ਼ਾਲਾ ਦਾ ਉਦਘਾਟਨ

ਪਟਿਆਲਾ : ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਚੰਗੀ ਸਿਹਤ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵੱਲੋਂ ਅੱਜ ਪਟਿਆਲਾ ਵਿੱਚ ਸੀਐਮ ਯੋਗਸ਼ਾਲਾ ਦਾ ਉਦਘਾਟਨ ਕੀਤਾ ਗਿਆ ਹੈ।

ਸਮਾਗਮ ਦੀ ਸ਼ੁਰੂਆਤ ਵਿੱਚ ਸਿਹਤ  ਮੰਤਰੀ ਡਾ.ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਜਿੰਦਗੀ ਵਿੱਚ ਹਾਸੇ ਨੂੰ ਸਭ ਤੋਂ ਵੱਡਾ ਡਾਕਟਰ ਦੱਸਿਆ ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ, ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ,ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ,ਵਿਧਾਇਕ ਚੇਤਨ ਸਿੰਘ ਜੌੜਾਮਾਜਰਾ,ਵਿਧਾਇਕ ਗੁਰਲਾਲ ਘਨੌਰ,ਵਿਧਾਇਕ ਦੇਵ ਮਾਨ ਤੇ ਹੋਰ ਵੀ ਕਈ ਵਿਧਆਇਕ ਹਾਜ਼ਰ ਸਨ।

ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਸੀਐਮ ਯੋਗਸ਼ਾਲਾ ਦੀ ਵੈਬਸਾਈਟ ਦਾ ਉਦਘਾਟਨ ਕੀਤਾ ।

ਹਾਜ਼ਰ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਇਸ ਸਕੀਮ ਦੀ ਸ਼ੁਰੂਆਤ ਹੋਈ ਸੀ। ਜਿਥੇ ਆਮ ਲੋਕਾਂ ਦੀ ਮੰਗ ਤੇ ਸਰਕਾਰ ਨੇ ਮੁਫਤ ਵਿੱਚ ਯੋਗਾ ਸਿਖਾਉਣ ਲਈ ਟਰੇਨਰ ਦਾ ਇੰਤਜ਼ਾਮ ਕੀਤਾ ਪਰ ਲੋਕਾਂ ਵਿੱਚ ਹਰਮਨ ਪਿਆਰੀ ਹੋ ਰਹੇ ਸਰਕਾਰ ਦੇ ਇਸ ਕੰਮ ਨੂੰ ਦਿੱਲੀ ਦੇ ਰਾਜਪਾਲ ਨੇ ਵਿਚਾਲੇ ਰੋਕ ਦਿੱਤਾ ਪਰ ਪੰਜਾਬ ਵਿੱਚ ਇਸ ਨੂੰ ਕੋਈ ਨਹੀਂ ਰੋਕ ਸਕੇਗਾ।

ਮਾਨ ਨੇ ਚੰਗੀ ਸਿਹਤ ਦਾ ਹਵਾਲਾ ਦਿੰਦੇ ਹੋਏ ਬਜ਼ੁਰਗਾਂ ਦੀ ਗੱਲ ਵੀ ਕੀਤੀ ਤੇ ਕਿਹਾ ਕਿ ਕੁਦਰਤ ਨਾਲ ਜਿਆਦਾ ਲਗਾਅ ਹੋਣ ਤੇ ਉਸ ਦੇ ਜ਼ਿਆਦਾ ਨੇੜੇ ਰਹਿਣ ਕਰਕੇ ਤੇ ਚੰਗੀ ਖੁਰਾਕ ਕਾਰਨ ਹੀ ਉਹ ਲੰਮਾਂ ਸਮਾਂ ਤੰਦਰੁਸਤ ਰਹਿੰਦੇ ਹਨ ਪਰ ਅੱਜ ਕੱਲ ਹਰ ਚੀਜ ਮੁੱਲ ਦੀ ਹੋਣ ਕਰਕੇ ਬਾਹਰੋਂ ਆਉਂਦੀ ਹੈ,ਜਿਸ ਤੇ ਸਪਰੇਆਂ ਹੋਈਆਂ ਹੁੰਦੀਆਂ ਹਨ । ਜਿਸ ਦਾ ਸਿੱਧਾ ਅਸਰ ਮਨੁੱਖੀ ਸਿਹਤ ਤੇ ਪੈ ਰਿਹਾ ਹੈ।

ਹਾਸੇ ਨੂੰ ਮਨੁੱਖ ਲਈ ਜ਼ਰੂਰੀ ਦੱਸਦੇ ਹੋਏ ਉਹਨਾਂ ਕਿਹਾ ਕਿ ਦਿਲ ਵਿੱਚ ਜੋ ਵੀ ਭੜਾਸ ਹੁੰਦੀ ਹੈ ,ਉਹ ਕੱਢ ਲੈਣੀ ਚਾਹੀਦੀ ਹੈ ਨਹੀਂ ਤਾਂ ਦਿਲ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ।ਜਿੰਦਗੀ ਵਿੱਚ ਹਾਸੇ ਦੇ ਮਹੱਤਵ ਤੇ ਮੁੱਖ ਮੰਤਰੀ ਮਾਨ ਨੇ ਜ਼ੋਰ ਦਿੰਦੇ ਹੋਏ ਇਸ ਨੂੰ ਸਭ ਤੋਂ ਵਧੀਆ ਦਵਾਈ ਦੱਸਿਆ ਹੈ।

ਖੇਡਾਂ ਦੇ ਮਹੱਤਵ ਤੇ ਰੋਸ਼ਨੀ ਪਾਉਂਦੇ ਹੋਏ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਪਿੰਡਾਂ ਤੇ ਕਸਬਿਆਂ ਵਿੱਚ ਨੌਜਵਾਨ ਵਰਗ ਨੂੰ ਇਸ ਪਾਸੇ ਪਾਉਣ ਲਈ 14000 ਖੇਡ ਕਲੱਬਾਂ ਨੂੰ ਸੁਰਜੀਤ ਕੀਤਾ ਜਾਵੇਗਾ। ਖੇਡਾਂ ਵਤਨ ਪੰਜਾਬ ਦੀਆਂ ਦਾ ਵੀ ਇਸੇ ਮੰਤਵ ਨਾਲ ਆਯੋਜਨ ਹੋਇਆ ਸੀ ਤੇ ਇਸ ਵਿੱਚ ਕਰੋੜਾਂ ਦੇ ਇਨਾਮ ਖਿਡਾਰੀਆਂ ਨੂੰ ਦਿੱਤੇ ਗਏ ਹਨ।

ਪੰਜਾਬ ਪੁੁਲਿਸ ਦੀਆਂ ਭਰਤੀਆਂ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਕਿਹਾ ਹੈ ਕਿ  ਮਈ-ਜੂਨ ਵਿੱਚ ਇਸ ਦੀਆਂ ਭਰਤੀਆਂ ਖੋਲੀਆਂ ਜਾਣਗੀਆਂ ਤੇ ਸਤੰਬਰ-ਅਕਤੂਬਰ ਵਿੱਚ ਇਸ ਦੇ ਸਰੀਰਕ ਯੋਗਤਾ ਟੈਸਟ ਹੋਣਗੇ ਤੇ ਪਾਰਦਰਸ਼ੀ ਭਰਤੀ ਹੋਵੇਗੀ।

ਆਪ ਸਰਕਾਰ 504 ਮੁਹੱਲਾ ਕਲੀਨਿਕਾਂ ਵਿੱਚੋਂ 151 ਸ਼ਹਿਰੀ ਤੇ 353 ਪੇਂਡੂ ਖੇਤਰਾਂ ਵਿੱਚ ਖੋੋਲੇ ਗਏ ਹਨ ਤੇ ਮਾਨ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਵਿੱਚ 21 ਲੱਖ  21 ਹਜ਼ਾਰ 350 ਵਿਅਕਤੀ ਇਹਾਨਂ ਵਿੱਚ ਹੁਣ ਤੱਕ ਇਲਾਜ਼ ਕਰਵਾ ਚੁੱਕੇ ਹਨ।

ਪਿਛਲੇ ਦਿਨਾਂ ਵਿੱਚ ਮੌਸਮੀ ਹਾਲਾਤਾਂ ਕਾਰਨ ਖ਼ਰਾਬ ਹੋਈ ਫਸਲ ਨਾਲ ਪਿਆ ਘਾਟਾ ਹੁਣ ਸਰਕਾਰ ਪੂਰਾ ਕਰੇਗੀ ਤੇ ਵਿਸਾਖੀ ਤੱਕ ਸਾਰੇ ਕਿਸਾਨਾਂ ਨੂੰ ਸਹਾਇਤਾ ਦੇ ਕੇ ਰਾਹਤ ਪਹੁੰਚਾਈ ਜਾਵੇਗੀ। ਇਸ ਦੇ ਨਾਲ ਹੀ ਇਸ ਸਾਲ ਦੀਆਂ ਕਿਸ਼ਤਾਂ ਨੂੰ ਵੀ ਫਰੀਜ਼ ਕਰ ਦਿੱਤਾ ਗਿਆ ਹੈ।

ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਜੇਕਰ ਵਿਦੇਸ਼ਾਂ ਵਿੱਚ ਪੰਜਾਬੀ ਕਾਮਯਾਬ ਹੋ ਸਕਦੀ ਹੈ ਤਾਂ ਇਧਰ ਵੀ ਹੋ ਸਕਦੇ ਹਨ।ਇਸ ਲਈ ਸਰਕਾਰ ਪੂਰਾ ਸਹਿਯੋਗ ਕਰੇਗੀ ਤੇ ਕੰਮ ਸ਼ੁਰੂ ਕਰਨ ਲਈ ਬਿਨਾਂ ਵਿਆਜ ਤੋਂ ਕਰਜ਼ਾ ਵੀ ਦਿੱਤਾ ਜਾਵੇਗਾ।

ਮਾਨ ਨੇ ਇਸ ਗੱਲ ਤੇ ਵੀ ਦੁੱਖ ਜ਼ਾਹਿਰ ਕੀਤਾ ਹੈ ਕਿ ਪੰਜਾਬ ਦੇ ਨੌਜਵਾਨ ਪੜਾਈ ਦੇ ਖੇਤਰ ਵਿੱਚ ਜਿਆਦਾ ਅੱਗੇ ਨੀ ਜਾ ਰਹੇ । ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਸਿਰਫ 34 ਫੀਸਦੀ ਤੇ ਲਵਲੀ ਯੂਨੀਵਰਸਿਟੀ ਦੇ 42000 ਵਿਦਿਆਰਥੀਆਂ ਵਿੱਚੋਂ  5500 ਹੀ ਪੰਜਾਬ ਦੇ ਹਨ। ਉਹਨਾਂ ਐਲਾਨ ਕੀਤਾ ਕਿ ਪੰਜਾਬ ਭਰ ਵਿੱਚ ਯੂਪੀਐਸਸੀ ਦੇ ਟੈਸਟਾਂ ਦੀ ਤਿਆਰੀ ਕਰਵਾਉਣ ਲਈ 10 ਸੈਂਟਰ ਪੰਜਾਬ ਸਰਕਾਰ ਵੱਲੋਂ ਖੋਲੇ ਜਾਣਗੇ,ਜਿਥੇ ਯੋਗ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਵੱਡੇ ਅਹੁਦਿਆਂ ਤੇ ਬੈਠੇ ਪੰਜਾਬੀ ਨੌਜਵਾਨਾਂ ਲਈ ਸਰਕਾਰੀ ਦਫ਼ਤਰਾਂ ਦਾ ਗੇਟ ਖੁਲੇ ਨਾ ਕਿ ਕਿਸੇ ਜੇਲ੍ਹ ਦਾ।

ਯੋਗਾ ਨੂੰ ਅਪਨਾਉਣ ਦੀ ਸਲਾਹ ਦਿੰਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਨੂੰ ਸਿਹਤਮੰਦ ਬਣਾਉਣ ਦੀ ਲੋੜ ਹੈ ਤਾਂ ਹੀ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈ। ਇਸ ਤੋਂ ਇਲਾਵਾ ਸਕੂਲ ਆਫ ਐਮੀਨੈਂਸ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਕਿਹਾ ਕਿ ਇਹਨਾਂ ਦੀ ਸਹਾਇਤਾ ਨਾਲ ਹੁਣ ਪੰਜਾਬੀ ਸਕੂਲਾਂ ਵਿੱਚ ਮਿਲਣ ਵਾਲੀ ਸਿੱਖਿਆ ਨੂੰ ਵਿਸ਼ਵ ਪੱਧਰ ਦੀ ਬਣਾਇਆ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਹਰ ਮਹੀਨੇ ਦੋ ਵਾਰ ਨੌਜਵਾਨ ਸਭਾ ਬੁਲਾਈ ਜਾਵੇਗੀ ਤੇ ਆਪਣਾ ਸਟਾਰਟਅੱਪ ਕਰਨ ਦੇ ਚਾਹਵਾਨ ਹਰ ਵਿਅਕਤੀ ਨੂੰ ਸਰਕਾਰ ਸਹਾਇਤਾ ਦੇਵੇਗੀ।