Punjab

ਖੇਤੀਬਾੜੀ ਪ੍ਰਧਾਨ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਲਗਾਤਾਰ ਪੂਰਾ ਕਰਨਾ ਇੱਕ ਚੁਣੌਤੀ : ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ : ਬਿਜਲੀ ਬੋਰਡ ਨੂੰ ਰੀੜ ਦੀ ਹੱਡੀ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਲਗਾਤਾਰ ਪੂਰਾ ਕਰਨਾ ਇੱਕ ਚੁਣੌਤੀ ਹੈ। ਆਪ ਸਰਕਾਰ ਨੇ ਸਹੁੰ ਚੁੱਕਣ ਤੋਂ ਬਾਅਦ ਪੱਛਵਾੜਾ ਮਿੱਲ ਚਾਲੂ ਕਰਵਾਈ।ਕਿਉਂਕਿ ਆਪ ਸਰਕਾਰ ਦੀ ਨੀਯਤ ਸਾਫ਼ ਸੀ।

ਮਾਨ ਨੇ ਦਾਅਵਾ ਕੀਤਾ ਹੈ ਕਿ ਇਥੋਂ 5 ਲੱਖ ਮੀਟ੍ਰਿਕ ਟਨ ਕੋਲਾ ਹੁਣ ਤੱਕ ਉਸ ਖਾਨ ਚੋਂ ਪੰਜਾਬ ਲੈ ਚੁੱਕਾ ਹੈ ਤੇ 110 ਰੈਕ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਪਹੁੰਚ ਚੁੱਕੇ ਹਨ। ਹੁਣ ਸੂਬੇ ਸਿਰ ਸਿਰਫ ਰੇਲ ਦਾ ਖਰਚਾ ਪੈਂਦਾ ਹੈ। ਇਸ ਸਾਰੀ ਕਾਰਵਾਈ ਕਾਰਨ ਪੀਐਸਪੀਸੀਐਲ ਨੇ ਵੱਧ ਬਿਜਲੀ ਪੈਦਾ ਕੀਤੀ ਹੈ ਤੇ ਪੰਜਾਬ ਦੀਆਂ ਲੋੜਾਂ ਨੂੰ ਪੂਰਾ ਕੀਤਾ ਹੈ।

ਇਹ ਵਿਚਾਰ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਨੇ ਟੈਗੋਰ ਥਿਏਟਰ ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕਰਨ ਤੋਂ ਬਾਅਦ ਸੰਬੋਧਨ ਕਰਦੇ ਹੋਏ ਸਾਰਿਆਂ ਨਾਲ ਸਾਂਝੇ ਕੀਤੇ ਹਨ। ਉਹਨਾਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ  1320 ਐਸੀਸਟੈਂਟ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ।

ਨਵੇਂ ਨਿਯੁਕਤੀ ਪੱਤਰ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਵਾਂ ਦਿੱਤੀਆਂ।

ਆਪਣੇ ਸੰਬੋਧਨ ਵਿੱਚ ਮਾਨ ਨੇ ਇਹ ਵੀ ਕਿਹਾ ਹੈ ਕਿ ਅੱਜ ਨਿਯੁਕਤੀ ਪੱਤਰ ਲੈਣ ਵਾਲੇ ਸਾਰੇ ਕਰਮਚਾਰੀ ਆਪਣਾ ਮਿਹਨਤ ਨਾਲ ਇਸ ਮੁਕਾਮ ‘ਤੇ ਪਹੁੰਚੇ ਹਨ। ਮਾਨ ਨੇ ਉਹਨਾਂ ਨੂੰ ਸਬਰ ਰੱਖਣ ਦੇ ਨਾਲ-ਨਾਲ ਮਿਹਨਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਮਿਹਨਤ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਹੈ।ਧੋਖੇ ਨਾਲ ਬਹੁਤਾ ਚਿਰ ਇਮਤਿਹਾਨ ਨਹੀਂ ਪਾਸ ਹੁੰਦੇ। ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ । ਆਪਣੀ ਮੰਜ਼ਿਲ ਦਾ ਨਕਸ਼ਾ ਬਣਾ ਕੇ ਚੱਲਣ ਵਾਲਿਆਂ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ।

ਪੰਜਾਬ ਦੇ ਲੋਕਾਂ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਇਹਨਾਂ ਨੇ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਪ ਨੂੰ ਮੌਕਾ ਦਿੱਤਾ ਹੈ ਤੇ ਨਵਾਂ ਇਤਿਹਾਸ ਸਿਰਜਿਆ ਹੈ। ਇਥੇ ਆਉਣ ਤੋਂ ਪਹਿਲਾਂ ਨੰਗਲ ਟੋਲ ਪਲਾਜ਼ੇ ਨੂੰ ਬੰਦ ਕਰਾਏ ਜਾਣ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਦਾਅਵਾ ਕੀਤਾ ਕਿ ਇਸ ਦੀ ਮਿਆਦ ਅੱਜ ਤੋਂ 10 ਸਾਲ ਪਹਿਲਾਂ ਹੀ ਖ਼ਤਮ ਹੋ ਗਈ ਸੀ ਪਰ ਇਸ ਨੂੰ ਲਗਾਤਾਰ ਵਧਾਇਆ ਗਿਆ। ਹੁਣ ਅੱਜ ਤੋਂ ਇਹ ਲੋਕਾਂ ਲਈ ਫਰੀ ਹੋ ਗਿਆ ਹੈ। ਹੁਣ ਤੱਕ ਪੰਜਾਬ ਵਿੱਚ 8 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ।

ਮਾਨ ਨੇ ਕੇਂਦਰ ਸਰਕਾਰ ਵੱਲੋਂ ਡਾਹੇ ਅੜਿਕੇ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਪੰਜਾਬ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ  ਸ਼੍ਰੀਲੰਕਾ ਵੱਲ ਸਮੁੰਦਰੀ ਰਸਤੇ ਰਾਹੀਂ ਕੋਲਾ ਲਿਆਂਦਾ ਜਾਵੇ।ਜਿਸ ਦਾ ਆਪ ਸਰਕਾਰ ਨੇ ਡੱਟਵਾਂ ਵਿਰੋਧ ਕੀਤਾ ਤੇ ਸਰਕਾਰ ਨੂੰ ਇਹ ਹੁਕਮ ਵਾਪਸ ਲੈਣਾ ਪਿਆ।ਹੁਣ ਕੋਲਾ ਸਿੱਧੇ ਰਸਤੇ ਰਾਹੀਂ ਆਉਣ ਨਾਲ  ਇੰਡਸਟਰੀ ਨੂੰ ਵੱਧ ਬਿਜਲੀ ਮਿਲੇਗੀ ਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ।

ਮਾਨ ਨੇ ਦੱਸਿਆ ਕਿ PSPCL ਨੂੰ ਘਾਟੇ ‘ਚੋਂ ਬਾਹਰ ਕੱਢਣਾ ਸਰਕਾਰ ਦੀ ਪ੍ਰਾਥਮਿਕਤਾ ਹੈ ਸਾਰੇ ਸਰਕਾਰੀ ਦਫ਼ਤਰਾਂ ਨੂੰ ਬਿਜਲੀ ਦੇ ਬਕਾਇਆ ਬਿਲ ਭਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਦਾ ਕੋਈ ਵੀ ਮਹਿਕਮਾਂ ਘਾਟੇ ‘ਚ ਨਹੀਂ ਰਹੇਗਾ।

ਖੇਤੀ ਚੱਕਰ ਬਦਲਣ ਲਈ ਮਾਨ ਨੇ ਕਿਹਾ ਕਿ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਝੋਨੇ ਦੇ ਬਦਲ ਦੇਣ ਲਈ ਐਮਐਸਪੀ ਦੀ ਸਮੱਸਿਆ ਨੂੰ ਹਲ ਕਰਨ ਲਈ ਵੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ। ਪੰਜਾਬ ਵਿੱਚ ਉਤਪੰਨ ਹੋਣ ਵਾਲੇ ਉਤਪਾਦਾਂ ਲਈ ਵੀ ਕੇਂਦਰ ਸਰਕਾਰ ਨਾਲ ਗੱਲ ਚੱਲ ਰਹੀ ਹੈ ।

ਇਸ ਤੋਂ ਇਲਾਵਾ ਮਾਨ ਨੇ ਇਹ ਵੀ ਕਿਹਾ ਕਿ ਕਣਕ ਵਾਂਗ ਹੁਣ ਦਾਲਾਂ ਵਿੱਚ ਵੀ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਯਤਨ ਕਰਨ ਲਈ ਸਰਕਾਰ ਸੋਚ ਰਹੀ ਹੈ ਤਾਂ ਜੋ ਰਵਾਇਤੀ ਫਸਲੀ ਚੱਕਰ ਨੂੰ ਬਦਲਿਆ ਜਾ ਸਕੇ।

ਬਿਜਲੀ ਬੋਰਡ ਵਿੱਚ ਬੀਤੇ ਸਾਲਾਂ ਵਿੱਚ ਕੀਤੇ ਗਏ ਗਲਤ ਫੈਸਲਿਆਂ ਦਾ ਵੀ ਮਾਨ ਨੇ ਜ਼ਿਕਰ ਕੀਤਾ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਮਾਨਦਾਰੀ ਨਾਲ ਆਪਣਾ ਕੰਮ ਨਹੀਂ ਕੀਤਾ ਹੈ।

ਮਾਨ ਨੇ ਕਿਹਾ ਕਿ ਇਮਾਨਦਾਰੀ ਤੇ ਸਚਾਈ ਨਾਲ ਕੰਮ ਕਰਨ ਵਾਲੇ ਨੂੰ ਰੂਹ ਦਾ ਸਕੂਨ ਮਿਲਦਾ ਹੈ। ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਵੀ ਮਾਨ ਨੇ ਸਾਰਿਆਂ ਨੂੰ ਕੀਤੀ ਹੈ।

ਇਸ ਤੋਂ ਇਲਾਵਾ ਸਪੱਸ਼ਟ ਸ਼ਬਦਾਂ ਵਿੱਚ ਮਾਨ ਨੇ ਸਾਫ ਕੀਤਾ ਹੈ ਕਿ ਸਰਕਾਰੀ ਨੋਕਰੀਆਂ ਵਿੱਚ ਹੁਣ ਭਾਈ-ਭਤੀਜਾਵਾਦ ਤੇ ਸਿਫਾਰਿਸ਼ਾਂ ਨਹੀਂ ਮੰਨੀਆਂ ਜਾਣਗੀਆਂ ਤੇ ਪਾਰਦਰਸ਼ੀ ਨਿਯੁਕਤੀਆਂ ਹੋਣਗੀਆਂ।