Punjab

ਇਸ ਮਹਿਕਮੇ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ, ਮੁੱਖ ਮੰਤਰੀ ਮਾਨ ਨੇ ਵੰਡੇ ਨਿਯੁਕਤੀ ਪੱਤਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਵਾਟਰ ਸਪਲਾਈ ਵਿਭਾਗ ਦੇ 35 ਜੇਈ ਤੇ 95 ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਕੋਈ ਛੋਟਾ ਦੁਕਾਨਦਾਰ ਵਿੱਤੀ ਕਾਰਨਾਂ ਕਰਕੇ ਪੰਜਾਬੀ ਦਾ ਬੋਰਡ ਲਗਵਾਉਣ ਤੋਂ ਅਸਮਰੱਥ ਹੈ ਤਾਂ ਪੰਜਾਬ ਸਰਕਾਰ ਉਸ ਦੀ ਦੁਕਾਨ ‘ਤੇ ਪੰਜਾਬੀ ਦਾ ਬੋਰਡ ਲਗਵਾ ਕੇ ਦੇਵੇਗੀ।

ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਹੈ ਕਿ ਅੱਜ 129 ਪਰਿਵਾਰਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ ਯੋਗ ਤੇ ਕਾਬਿਲ ਲੋਕਾਂ ਨੂੰ ਨੌਕਰੀ ਮਿਲੀ ਹੈ। ਮਾਨ ਨੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਰਿਸ਼ਵਤ ਤੋਂ ਨਿਯੁਕਤੀਆਂ ਹੋਈਆਂ ਹਨ ਤੇ ਉਹ ਵੀ ਇਸ ਤੋਂ ਗੁਰੇਜ਼ ਕਰਨ ਕਿਉਂਕਿ ਰਿਸ਼ਵਤ ਲੈਣਾ ਇੱਕ ਮਾਨਸਿਕ ਬੀਮਾਰੀ ਹੈ।

ਮਾਨ ਨੇ ਇਸ ਗੱਲ ‘ਤੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਅੱਜ ਨਿਯੁਕਤੀ ਪੱਤਰ ਲੈਣ ਵਾਲਿਆਂ ਵਿੱਚ 33% ਕੁੜੀਆਂ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ 26478 ਦੇ ਨੇੜੇ ਨਿਯੁਕਤੀ ਪੱਤਰ ਹੁਣ ਤੱਕ ਦਿੱਤੇ ਜਾ ਚੁੱਕੇ ਹਨ ਤੇ ਹੋਰ ਨੌਕਰੀਆਂ ਲਈ ਰਾਹ ਸਾਫ਼ ਕੀਤਾ ਜਾ ਰਿਹਾ ਹੈ। ਨਵੀਂ ਨੌਕਰੀ ਲੈਣ ਵਾਲਿਆਂ ਦੀ ਨਿਯੁਕਤੀ ਨੇੜੇ ਦੇ ਇਲਾਕਿਆਂ ਵਿੱਚ ਹੀ ਕੀਤੀ ਜਾਵੇਗੀ।

ਅੱਜ ਅੰਤਰਾਸ਼ਟਰੀ ਮਾਂ ਬੋਲੀ ਦਿਵਸ ‘ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਨ ਲਈ ਵੱਧ ਤੋਂ ਵਧ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿੱਚ ਲਾਉਣ ਲਈ ਅੱਜ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਸ ਦਾ ਪਾਲਣ ਕਰਦਿਆਂ ਨਾਇਕੀ,ਬਰਗਰ ਕਿੰਗ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਸਾਈਨ ਬੋਰਡ ਪੰਜਾਬੀ ਵਿੱਚ ਲਾਏ ਹਨ।ਉਹਨਾਂ ਸਾਰਿਆਂ ਨੂੰ ਪੰਜਾਬੀ ਬੋਲਣ ਤੇ ਲਿਖਣ ਵੇਲੇ ਸਹੀ ਉਚਾਰਨ ਤੇ ਘੱਟ ਗਲਤੀਆਂ ਕਰਨ ਲਈ ਕਿਹਾ ਹੈ ਤੇ ਅਪੀਲ ਕੀਤੀ ਕਿ ਮਾਂ ਬੋਲੀ ਨੂੰ ਸਾਂਭ ਕੇ ਰਖਿਆ ਜਾਵੇ।

ਸਰਕਾਰੀ ਨੌਕਰੀ ਲੈਣ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਇਹ ਵੀ ਅਪੀਲ ਕੀਤੀ ਹੈ ਕਿ ਆਪਣੇ ਆਲੇ ਦੁਆਲੇ ਹੋਰਾਂ ਨੂੰ ਦੱਸਣ ਤੇ ਮਾਰਗ ਦਰਸ਼ਨ ਕਰਨ ਕਿ ਸਰਕਾਰੀ ਨੌਕਰੀ ਲਈ ਕਿਵੇਂ ਇਮਤਿਹਾਨ ਦੇਣਾ ਹੈ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਆਪਣੇ ਸੰਬੋਧਨ ਵਿੱਚ ਦਾਅਵਾ ਕੀਤਾ ਹੈ ਕਿ 27000 ਨਿਯੁਕਤੀਆਂ ਪੰਜਾਬ ਸਰਕਾਰ ਯੋਗਤਾ ਦੇ ਆਧਾਰ ‘ਤੇ ,ਬਿਨਾਂ ਕਿਸੇ ਸਿਫਾਰਿਸ਼ ਤੋਂ ਕਰ ਚੁੱਕੀ ਹੈ। ਅੱਜ ਵਾਟਰ ਸਪਲਾਈ ਮਹਿਕਮੇ ਵਿੱਚ 35 ਜੇਈ ਤੇ 94 ਕਲਰਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਤੇ ਬਾਕੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ। ਜਿੰਪਾ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਵਰਤਣ ਦੀ ਅਪੀਲ ਕੀਤੀ ਹੈ ਤੇ ਦੱਸਿਆ ਹੈ ਕਿ ਨਹਿਰੀ ਪਾਣੀ ਨੂੰ ਸਾਫ਼ ਕਰਨ ਲਈ ਰੱਖੇ ਗਏ 2071 ਕਰੋੜ ਦੇ ਪ੍ਰੌਜੈਕਟਾਂ ਵਿੱਚੋਂ 50 ਫੀਸਦੀ ਪੂਰੇ ਹੋ ਚੁੱਕੇ ਹਨ।