‘ਦ ਖ਼ਾਲਸ ਬਿਊਰੋ:- ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆਉਣ ‘ਤੇ ਇਲਾਜ ਲਈ ਮੇਦਾਂਤਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਜੇ ਤੱਕ ਉਨ੍ਹਾਂ ਦੀ ਕੋਰੋਨਾ ਰਿਪੋਰਟ ਨਹੀਂ ਆਈ ਹੈ। ਮਹੰਤ ਨ੍ਰਿਤਿਆ ਗੋਪਾਲ ਦਾਸ ਇਸ ਸਮੇਂ ਮਥੁਰਾ ਵਿੱਚ ਹਨ ਜੋ ਜਨਮ ਅਸ਼ਟਮੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸੀ।
ਅੱਜ ਸਵੇਰੇ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਸੀ। ਮਹੰਤ ਨ੍ਰਿਤਿਆ ਗੋਪਾਲ ਦਾਸ ਨੇ 5 ਅਗਸਤ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਕੀਤੇ ਮੁੱਖ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ RSS ਮੁਖੀ ਮੋਹਨ ਭਾਗਵਤ ਨਾਲ ਸਟੇਜ ਸਾਂਝੀ ਕੀਤੀ ਸੀ।
ਡਾਕਟਰਾਂ ਦੀ ਟੀਮ ਉਸਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਸਿਹਤ ਬਾਰੇ ਮੇਦਾਂਤਾ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਹੈ।