Punjab

ਅਕਾਲੀ ਦਲ ਦੇ ਵਿਵਾਦ ‘ਤੇ ਚੰਨੀ ਦਾ ਬਿਆਨ

ਜਲੰਧਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਹੈ। ਪਾਰਟੀ ਨਾਲ ਬਹੁਤ ਸਾਰੇ ਲੀਡਰ ਮੁੜ ਤੋਂ ਜੁੜ ਰਹੇ ਹਨ। ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾ ਵਿੱਚ ਜਲੰਧਰ ਵਿੱਚ ਕੱਖ ਨਹੀਂ ਕੀਤਾ।

 ਜਲੰਧਰ ਵਾਸੀਆਂ ਨੂੰ ਪੀਣ ਦੇ ਲਈ ਸਾਫ ਪਾਣੀ ਦਾ ਪ੍ਰਬੰਧ ਕਰਕੇ ਦੇਣ CM

ਮੁੱਖ ਮੰਤਰੀ ਦੇ ਜਲੰਧਰ ‘ਚ ਨਵੇਂ ਘਰ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਜੀ ਨੇ ਘਰ ਨਹੀਂ ਲਿਆ ਸਗੋਂ ਘਰ ‘ਚ 15 ਦਿਨ ਲਈ ਘੁੱਸਪੈਠ ਕੀਤੀ ਹੈ। ਉਸਦੇ ਨਾਲ ਹੀ ਉਨ੍ਹਾਂ ਨੇ  CM ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਪਹਿਲਾਂ ਆਪਣੀ ਪਾਰਟੀ ਨੂੰ ਸਾਂਭਣ ਜੋ ਖਿਲਰਦੀ ਜਾ ਰਹੀ ਹੈ।

ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਸ਼ਹਿਰ ਦੀਆਂ ਗਲੀਆਂ ਵਿੱਚ ਜਾਣ ਅਤੇ ਵੇਖਣ ਕਿਵੇਂ ਗਲੀਆਂ ਵਿੱਚ ਮੀਂਹ ਦਾ ਪਾਣੀ ਘੁੰਮ ਰਿਹਾ ਹੈ। ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਨਹੀਂ ਮਿਲ ਰਿਹਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਜਲੰਧਰ ਵਾਸੀਆਂ ਨੂੰ ਪੀਣ ਦੇ ਲਈ ਸਾਫ ਪਾਣੀ ਦਾ ਪ੍ਰਬੰਧ ਕਰਕੇ ਦੇਣ।

ਡਿੱਗਣ ਵਾਲੀ ਹੈ ਪੰਜਾਬ ਸਰਕਾਰ

ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਡਿੱਗਣ ਵਾਲੀ ਹੈ।  ਕਿਉਕਿ ਸਰਕਾਰ ਦੇ MLA ਹੀ ਸਰਕਾਰ ਨੂੰ ਤੋੜਨ ਵਿੱਚ ਲੱਗੇ ਹੋਏ ਹਨ।ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਖਿਲਾਫ ਇੱਕਠੇ ਹੋ ਰਹੇ ਹਨ।

ਅਕਾਲੀ ਦਲ ਦੇ ਵਿਵਾਦ ‘ਤੇ ਚੰਨੀ ਦਾ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਲੀ ਮਾਮਲੇ ਵਿੱਚ ਅਸੀਂ ਕੋਈ ਦਖਲ ਨਹੀਂ ਦੇਣਾ ਚਾਹੁੰਦੇ ਪਰ ਕੁਝ ਲੋਕ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲੰਧਰ ਵਿੱਚ ਇੱਕਠੇ ਹੋਏ ਹਨ ਅਤੇ ਕੁਝ ਲੋਕ ਚੰਡੀਗੜ੍ਹ ਵਿੱਚ  ਉਨ੍ਹਾਂ ਦੇ ਹੱਕ ਵਿੱਚ ਇੱਕਠੇ ਹੋਏ ਹਨ। ਚੰਨੀ ਨੇ ਕਿਹਾ ਕਿ ਸਾਡਾ ਇਸ ਨਾਲ ਕੋਈ ਵੀ ਲੈਣਾ ਦੈਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਜਲੰਧਰ ਵਿੱਚ ਇੱਕਠੇ ਹੋਏ ਹਨ, ਉਨ੍ਹਾਂ ਦੀਆਂ ਤਸਵੀਰਾਂ ਮੈਂ ਦੇਖੀਆਂ ਜਿਨ੍ਹਾਂ ਨੇ ਆਪਣੇ ਖਾਕੀ ਨਿੱਕਰਾਂ ਪਾਈਆਂ ਹੋਇਆ ਹਨ। ਜਿਸ ਵਿਚਾਲੇ ਇਹ ਦੇਖਣ ਦੀ ਲੋੜ ਹੈ ਕਿ ਇਸ ਪੂਰੇ ਘਟਨਾ ਕ੍ਰਮ ਵਿੱਚ ਬੀਜੇਪੀ ਦਾ ਕਿੰਨਾ ਰੋਲ ਹੈ ਉਸ ਸਾਰਾ ਦੇਖਣ ਵਾਲੇ ਹੈ।

ਦਲਬਦਲੂਆਂ ਨੂੰ ਪਾਰਟੀ ਲੈਣਾ ਬੰਦ ਕਰੇ ‘ਆਪ’

ਜਲੰਧਰ ਵੈੈਸਟ ਤੋਂ ‘ਆਪ’ ਦੇ ਉਮੀਦਵਾਰ ਉੱਤੇ ਚੰਨੀ ਨੇ ਬੋਲਦਿਆਂ ਆਖਿਆ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਵੇਲੇ ਆਪਣਾ ਉਮੀਦਵਾਰ ਕਾਂਗਰਸ ਪਾਰਟੀ ਚੋਂ ਲੈਕੇ ਆਈ ਸੀ। ਹੁਣ ਵਿਧਾਨ ਚੋਣਾਂ ਵੇਲੇ ਉਮੀਦਵਾਰ ਬੀਜੇਪੀ ਪਾਰਟੀ ਵਿਚੋਂ ਲੈਕੇ ਆਈ ਹੈ। ਆਮ ਆਦਮੀ ਪਾਰਟੀ ਕੋਲ ਆਪਣੀ ਪਾਰਟੀ ਚੋਂ ਚੋਣ ਮੈਦਾਨ ਵਿੱਚ ਉਤਾਰਨ ਲਈ ਕੋਈ ਆਪਣੀ ਵਿਅਕਤੀ ਨਹੀਂ ਹੈ। ਇਸ ਨਾਲ ਹੀ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਉਨ੍ਹਾਂ ਦਾ MP ਅਤੇ ਹੁਣ MLA ਪਾਰਟੀ ਛੱਡ ਕੇ ਕਿਉਂ ਚੱਲ ਗਿਆ।

ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਲਬਦਲੂਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਦਲਬਦਲੂਆਂ ਬਾਰੇ ਇੱਕ ਕਹਾਵਤ ਬੋਲਦਿਆਂ ਚੰਨੀ ਨੇ ਕਿਹਾ ‘ਜੋ ਲਾਹੌਰ ‘ਚ ਕਾਮਯਾਬ ਨਹੀਂ ਉਹ ਪਿਸ਼ੋਰ ‘ਚ ਵੀ ਕਾਮਯਾਬ ਨਹੀਂ ਹੋ ਸਕਦਾ।

ਜਲੰਧਰ ‘ਚ ਨਸ਼ਿਆਂ ਦੀ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਵਿੱਚ ਨਸ਼ਾ, ਜੂਆ ਅਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਹੈ।