‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿਖੇ ਪੁੱਜ ਕੇ ‘ਮੇਰਾ ਘਰ ਮੇਰੇ ਨਾਂ’ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋ ਪਿੰਡਾਂ ਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇ ਕਾਗ਼ਜ਼ ਵੀ ਸੌਂਪੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੋਰਾਂਗਲਾ ਵਿੱਚ ਸਬ ਤਹਿਸੀਲ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਦੀਨਾਨਗਰ ਵਿਖੇ ਸਮਾਗਮ ਦੌਰਾਨ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ‘ਲਾਲ ਲਕੀਰ’ ਅੰਦਰ ਪੈਂਦੇ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਮਾਲਕਾਨਾ ਹੱਕ ਦੇਣ ਲਈ ਜਾਇਦਾਦ ਕਾਰਡ (ਸੰਨਦ) ਵੰਡੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਰ ਪਿੰਡ ਦਾ ਸਰਪੰਚ ਹੀ ਪਿੰਡ ਦਾ ਮੁੱਖ ਮੰਤਰੀ ਹੈ। ਜੋ ਪੰਚਾਇਤ ਨੇ ਫੈਸਲਾ ਕਰ ਦਿੱਤਾ, ਉਹੀ ਸਿਰੇ ਤੱਕ ਚੱਲੇਗਾ, ਉਸ ਵਿੱਚ ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਹੋਵੇਗਾ। ਮੇਰਾ ਘਰ ਮੇਰੀ ਸਕੀਮ ਤਹਿਤ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਿੰਨੇ ਵੀ ਲਾਲ ਲਾਈਨ ਦੇ ਅੰਦਰ ਘਰ ਆਉਂਦੇ ਹਨ, ਉਹ ਸਾਰੇ ਜ਼ਮੀਨ ਦੇ ਮਾਲਕ ਦੇ ਨਾਂ ‘ਤੇ ਕਰ ਦਿੱਤੇ ਜਾਣਗੇ। ਲਾਲ ਲਾਈਨ ਦੇ ਅੰਦਰ ਜਿੰਨੇ ਵੀ ਘਰ ਹਨ, ਉਨ੍ਹਾਂ ਨੂੰ ਡਰੋਨ ਦੇ ਨਾਲ ਨਕਸ਼ੇ ਬਣਾ ਕੇ ਜਿੱਥੇ-ਜਿੱਥੇ ਤੁਸੀਂ ਕਾਬਜ਼ ਹੋ, ਉਸ ਕਬਜ਼ੇ ਦੇ ਆਧਾਰ ‘ਤੇ ਤੁਹਾਡੇ ਨਾਂ ‘ਤੇ ਰਜਿਸਟਰੀਆਂ ਕਰਨੀਆਂ ਸ਼ੁਰੂ ਹੋ ਜਾਣਗੀਆਂ। ਰਜਿਸਟਰੀਆਂ ਲਈ ਕੋਈ ਪੈਸਾ ਨਹੀਂ ਲੱਗੇਗਾ, ਸਰਕਾਰ ਵੱਲੋਂ ਸਨਅਤਾਂ ਬਣਾ ਕੇ ਦਿੱਤੀਆਂ ਜਾਣਗੀਆਂ। ਤਹਿਸੀਲਦਾਰ, ਐੱਸਡੀਐੱਮ ਨੂੰ ਹੁਕਮ ਦੇ ਦਿੱਤੇ ਹਨ ਕਿ ਤਿੰਨ ਮਹੀਨਿਆਂ ਦੇ ਅੰਦਰ ਪੂਰੇ ਪੰਜਾਬ ਵਿੱਚ ਤੁਹਾਡੇ ਘਰਾਂ ਦੀਆਂ ਰਜਿਸਟਰੀਆਂ ਬਣਾ ਕੇ ਦਿੱਤੀਆਂ ਜਾਣਗੀਆਂ।
ਪੰਜਾਬ ਵਿੱਚ ਬਸੇਰਾ ਸਕੀਮ ਲਿਆਂਦੀ ਹੈ, ਜਿਸਦੇ ਤਹਿਤ ਜਿੰਨੀਆਂ ਪੁਰਾਣੀਆਂ ਬਸਤੀਆਂ ਹਨ, ਜੋ ਲਾਲ ਲਾਈਨ ਦੇ ਬਾਹਰ ਵੀ ਹਨ, ਉਨ੍ਹਾਂ ਸਾਰਿਆਂ ਨੂੰ ਅਸੀਂ ਜ਼ਮੀਨ ਦੇ ਰਹੇ ਹਾਂ। ਦਿਵਾਲੀ ਤੱਕ ਜਿਹੜੇ ਲੋਕ ਸਲੱਮ ਏਰੀਆ ਵਿੱਚ ਰਹਿੰਦੇ ਹਨ, ਮੈਂ ਆਪ ਉਨ੍ਹਾਂ ਦੇ ਘਰ ਜਾ ਕੇ ਦੀਵਾ ਬਾਲ ਕੇ ਉਨ੍ਹਾਂ ਨੂੰ ਸੰਨਦਾਂ ਫੜ੍ਹਾ ਦੇਣੀ ਹੈ ਕਿ ਆਹ ਲਉ ਤੁਹਾਡਾ ਘਰ ਤੁਹਾਡੇ ਨਾਮ ਕਰ ਦਿੱਤਾ ਹੈ। ਇਸਦੇ ਨਾਲ ਹੀ ਅਸੀਂ ਬਿਜਲੀ ਦੀ ਸਕੀਮ ਲੈ ਕੇ ਆਏ ਹਾਂ। ਦੋ ਕਿਲੋਵਾਟ ਤੱਕ ਜਿਨ੍ਹਾਂ ਦਾ ਕੁਨੈਕਸ਼ਨ ਹੈ, ਉਨ੍ਹਾਂ ਸਾਰਿਆਂ ਦੇ ਪੁਰਾਣੇ ਬਕਾਏ ਮੁਆਫ ਕੀਤੇ ਜਾਣਗੇ। ਇਸ ਦੇ ਨਾਲ ਕਰੀਬ 1200 ਕਰੋੜ ਰੁਪਏ ਮੁਆਫ ਕੀਤਾ ਜਾਣਾ ਹੈ। ਜਿਨ੍ਹਾਂ ਦੇ (ਗਰੀਬ) ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਨੂੰ ਮੁੜ ਸਾਰੇ ਕੁਨੈਕਸ਼ਨ ਦੁਬਾਰਾ ਮੁਫਤ ਲਾ ਕੇ ਦਿੱਤੇ ਜਾਣਗੇ। ਦਿਵਾਲੀ ਤੱਕ ਇਸਨੂੰ ਲਾਗੂ ਕਰ ਦੇਣਾ ਹੈ।
ਚੰਨੀ ਨੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਇੱਕ-ਇੱਕ ਵਧੀਆ ਪਾਰਕ ਬਣਾਉਣ ਦਾ ਐਲਾਨ ਵੀ ਕੀਤਾ ਹੈ। ਇਹ ਪਾਰਕ ਤਿੰਨ-ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਣਗੀਆਂ। ਚੰਨੀ ਨੇ ਕਿਹਾ ਕਿ ਦੀਨਾਨਗਰ ਨੂੰ ਇੱਕ ਸ਼ਾਨਦਾਰ ਹਸਪਤਾਲ ਦੇਵਾਂਗੇ। ਦੀਨਾਨਗਰ ਬੱਸ ਸਟੈਂਡ ਦੇ ਨਵੀਨੀਕਰਨ ਲਈ 2 ਕਰੋੜ 80 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ ਚੰਨੀ ਨੇ ਅਰੁਣਾ ਚੌਧਰੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ।
ਦੀਨਾਨਗਰ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। 2.69 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਤਹਿਸੀਲ ਕੰਪਲੈਕਸ ਲੋਕਾਂ ਨੂੰ ਇੱਕੋ ਛੱਤ ਥੱਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਏਗਾ। ਚੰਨੀ ਵੱਲੋਂ ਹੁਸ਼ਿਆਰਪੁਰ ਜਿਲ੍ਹੇ ਦੇ ਦੌਰੇ ਦੌਰਾਨ ਭੀਖੋਵਾਲ ਪਿੰਡ ਦੇ ਨੌਜਵਾਨ ਕਲੱਬ ਨੂੰ ਸਪੋਰਟ ਕਿੱਟਾਂ ਵੰਡੀਆਂ ਗਈਆਂ।