Punjab

ਨਵਜੋਤ ਸਿੱਧੂ ਦੇ ਸਲਾਹਕਾਰ ਨੇ ਸਾਬਕਾ ਸੀਐੱਮ ‘ਤੇ ਲਾਏ ਧਮ ਕੀਆਂ ਦੇਣ ਦੇ ਦੋਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਮੁਸਤਫਾ ਨੇ ਕਿਹਾ ਕਿ ਇਹ ਧਮਕੀਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਉਨ੍ਹਾਂ ਦੇ ਵਿਰੋਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੰਤਰੀ ਪਰਗਟ ਸਿੰਘ ਦਾ ਸਾਥ ਦੇਣ ਵਜੋਂ ਦਿੱਤੀਆਂ ਜਾ ਰਹੀਆਂ ਹਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਤੋਂ ਘਬਰਾਉਣ ਵਾਲੇ ਨਹੀਂ ਹਨ। ਮੁਸਤਫਾ ਨੇ ਕਿਹਾ ਕਿ ਧਮਕੀਆਂ ਵਿੱਚ ਕੈਪਟਨ ਵੱਲੋਂ ਉਸ ਨੂੰ ਉਕਤ ਆਗੂਆਂ ਦਾ ਸਾਥ ਨਾ ਦੇਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਇਹ ਧਮਕੀਆਂ ਕਦੇ ਕੈਪਟਨ ਸੰਦੀਪ ਸੰਧੂ ਅਤੇ ਕਦੇ ਰਾਣਾ ਸੋਢੀ ਤੋਂ ਦਿਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕਿਹਾ ਕਿ ਜੈਂਟਲਮੈਨ ਕਹੇ ਜਾਣ ਵਾਲੇ ਕੈਪਟਨ ਨੇ ਉਸ ਨੂੰ ਇੱਕ-ਦੋ ਵਾਰੀ ਨਹੀਂ ਸਗੋਂ ਕਈ ਵਾਰੀ ਧਮਕਾਇਆ ਹੈ। ਉਨ੍ਹਾਂ ਕਿਹਾ ਕਿ ਧਮਕੀਆਂ ਵਿੱਚ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਵੱਲੋਂ ਕਦੇ ਪੁੱਠਾ ਟੰਗਣ ਬਾਰੇ ਧਮਕਾਇਆ ਜਾ ਰਿਹਾ ਹੈ ਅਤੇ ਕਦੇ ਸੜਕ ‘ਤੇ ਘੜੀਸਣ ਵਰਗੀਆਂ ਧਮਕੀਆਂ ਮਿਲੀਆਂ ਹਨ। ਮੁਹੰਮਦ ਮੁਸਤਫਾ ਵੱਲੋਂ ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ‘ਤੇ ਧਮਕੀਆਂ ਦੇਣ ਦੇ ਲਾਏ ਦੋਸ਼ਾਂ ‘ਤੇ ਸੰਦੀਪ ਸੰਧੂ, ਜੋ ਉਸ ਸਮੇਂ ਦਾਖਾ ਵਿੱਚ ਸਨ, ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਮੁਸਤਫਾ ਸਾਬ੍ਹ ਨੂੰ ਅਜਿਹੇ ਸ਼ਬਦ ਨਹੀਂ ਬੋਲੇ, ਪਤਾ ਨਹੀਂ ਕਿਉਂ ਉਹ ਅੱਜ ਅਜਿਹੀਆਂ ਗੱਲਾਂ ਕਰ ਰਹੇ ਹਨ। ਇਸਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਮੁਹੰਮਦ ਮੁਸਤਫਾ ‘ਤੇ ਲਾਏ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਧਮਕੀ ਨਹੀਂ ਦਿੱਤੀ।ਉਨ੍ਹਾਂ ਕਿਹਾ ਕਿ ਮੁਸਤਫਾ ਦੀ ਪਤਨੀ ਅਤੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨਾਲ ਉਨ੍ਹਾਂ ਦੇ ਵਧੀਆ ਸਬੰਧ ਹਨ।