ਬਿਊਰੋ ਰਿਪੋਰਟ : ਚੰਡੀਗੜ੍ਹ ਤੋਂ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਆਪੇ ਬੋਲਾਂ ਦੇ ਨਾਲ ਹਮੇਸ਼ਾਂ ਤੋਂ ਚਰਚਾ ਵਿੱਚ ਰਹਿੰਦੀ ਹੈ । ਇੱਕ ਵਾਰ ਮੁੜ ਤੋਂ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਇੱਕ ਵਿਵਾਦਿਤ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵਿੱਚ ਉਹ ਕਹਿੰਦੀ ਹਨ ਕਿ ‘ਜੇਕਰ ਇੱਕ ਵੀ ਬੰਦਾ ਮੈਨੂੰ ਵੋਟ ਨਾ ਦੇ ਤਾਂ ਲਾਹਨਤ ਹੈ। ਜਾਕੇ ਛਿੱਤਰ ਫੇਰਨੇ ਚਾਹੀਦੇ ਹਨ ਉਨ੍ਹਾਂ ਨੂੰ’ । ਕਿਰਨ ਖੇਰ ਨੇ ਇਹ ਬਿਆਨ ਚੰਡੀਗੜ੍ਹ ਦੇ ਦੀਪ ਕੰਪਲੈਕਸ਼ ਵਿੱਚ ਦਿੱਤਾ ਹੈ । ਦਰਅਸਲ ਬੁੱਧਵਾਰ ਨੂੰ ਖੇਰ ਰਾਮ ਦਰਬਾਰ ਕਾਲੋਨੀ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਸੀ । ਇਸ ਦੌਰਾਨ ਉਨ੍ਹਾਂ ਨੇ ਹਲੋਮਾਜਰਾ ਵਿੱਚ ਇੱਕ ਸੜਕ ਬਣਾਉਣ ਅਤੇ ਵੋਟ ਨੂੰ ਲੈਕੇ ਟਿੱਪਣੀ ਕੀਤੀ ਸੀ ।
ਮੰਚ ‘ਤੇ ਮੇਅਰ ਅਤੇ ਕਮਿਸ਼ਨਰ ਵੀ ਹੱਸੇ
ਕਿਰਨ ਖੇਰ ਨੇ ਜਿਸ ਵੇਲੇ ਇਹ ਬਿਆਨ ਦਿੱਤਾ ਉਸ ਵੇਲੇ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਅਨਿਦਿਤਾ ਮਿਤਰਾ ਵੀ ਮੌਜੂਦ ਸੀ। ਮੰਚ ‘ਤੇ ਮੌਜੂਦ ਸਾਰੀਆਂ ਹਸਤੀਆਂ ਖੇਰ ਦੇ ਇਸ ਬਿਆਨ ‘ਤੇ ਹੱਸ ਰਹੀਆਂ ਸਨ । ਕਿਰਨ ਖੇਰ ਨੇ ਫਿਰ ਕਿਹਾ ‘ਕੰਮ ਤਾਂ ਮੈਂ ਕਰਵਾ ਦੇਵਾਂਗੀ,ਕੰਮ ਦੇ ਬਦਲੇ ਮੈਨੂੰ ਕੰਮ ਦਿਉਗੇ ?’ ਖੇਰ ਦੀ ਇਸ ਟਿੱਪਣੀ ਦਾ ਜਦੋਂ ਆਮ ਆਦਮੀ ਪਾਰਟੀ ਦੇ ਸਥਾਨਕ ਕੌਂਸਲਰ ਅਤੇ ਕੁਝ ਹੋਰ ਲੋਕਾਂ ਨੇ ਵਿਰੋਧ ਕੀਤਾ ਤਾਂ ਖੇਰ ਨੇ ਕਿਹਾ ਕਿ ‘ਕੱਲ ਬੀਜੇਪੀ ਦਫਤਰ ਆਕੇ ਜੁਆਇਨ ਕਰ ਲੈਣਾ । ਖੇਰ ਦੀ ਗੱਲ ਦਾ ਜਵਾਬ ਦੇਣ ਲੱਗੀ ਆਪ ਦੀ ਕੌਂਸਲਰ ਪ੍ਰੇਮਲਤਾ ਨੂੰ ਵੀ ਖੇਰ ਨੇ ਹੇਠਾਂ ਬਿਠਾਂ ਦਿੱਤਾ ।
ਕਾਂਗਰਸ ਨੇ ਘੇਰਿਆ
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਬਹੁਤ ਦੀ ਦੁੱਖ ਦੀ ਗੱਲ ਹੈ ਕਿ ਸ਼ਹਿਰ ਦੀ ਐੱਮਪੀ ਕਿਰਨ ਖੇਰ ਚੰਡੀਗੜ੍ਹ ਦੇ ਹਲੋ ਮਾਜਰਾ ਦੀਪ ਕੰਪਲੈਕਸ ਦੇ ਉਦਘਾਟਨ ਕਰਨ ਦੇ ਲਈ ਗਈ ਜਿੱਥੇ ਉਨ੍ਹਾਂ ਨੇ ਸ਼ਹਿਰ ਵਾਲਿਆਂ ਖਿਲਾਫ ਮਾੜੀ ਭਾਸ਼ਾ ਦੀ ਵਰਤੋ ਕੀਤੀ । ਦੀਪਾ ਨੇ ਕਿਹਾ 9 ਸਾਲ ਪਹਿਲਾਂ ਚੋਣ ਲੜੀ ਸੀ ਅਤੇ ਉਸ ਤੋਂ ਬਾਅਦ ਕੁਝ ਦਿਨ ਪਹਿਲਾ ਹੀ ਖੇਰ ਬਰਸਾਤੀ ਡੱਡੂ ਵਾਂਗ ਸੁਰੰਗ ਤੋਂ ਬਾਹਰ ਆ ਗਈ ਹੈ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਕਿਹਾ ਜਦੋਂ ਕੋਵਿਡ ਦੇ ਦੌਰਾਨ ਲੋਕਾਂ ਨੂੰ ਆਕਸੀਜ਼ਨ ਅਤੇ ਮੈਡੀਕਲ ਸੁਵਿਧਾਵਾਂ ਦੀ ਜ਼ਰੂਰਤ ਸੀ ਤਾਂ ਉਹ ਆਪਣੀ ਬਿਲ ਵਿੱਚ ਲੁੱਕੀ ਸੀ । ਕਾਂਗਰਸ ਨੇ ਕਿਰਨ ਖੇਰ ਤੋਂ ਪੁੱਛਿਆ ਕਿ ਤੁਸੀਂ ਆਪਣੀ ਜੇਬ੍ਹ ਤੋਂ ਸੜਕ ਬਣਾ ਰਹੇ ਹੋ।
ਆਪ ਨੇ ਕਿਹਾ ਮੁਆਫੀ ਮੰਗੇ ਕਿਰਨ ਖੇਰ
ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਗਰਗ ਨੇ ਕਿਰਨ ਖੇਰ ਤੋਂ ਮਾੜੀ ਭਾਸ਼ਾ ਲਈ ਮੁਆਫੀ ਮੰਗਣ ਦੇ ਲਈ ਕਿਹਾ ਹੈ। ਉਨ੍ਹਾਂ ਕਿਹਾ ਸਰਕਾਰੀ ਪ੍ਰੋਗਰਾਮ ਨੂੰ ਕਿਰਨ ਖੇਰ ਨੇ ਬੀਜੇਪੀ ਦਾ ਬਣਾ ਲਿਆ। ਕਿਰਨ ਖੇਰ ਨੇ ਦੀਪ ਕੰਪਲੈਕਸ ਹਲੋਮਾਜਰਾ ਦੇ ਵਸਨੀਕਾਂ ਦੇ ਖਿਲਾਫ਼ ਬਹੁਤ ਹੀ ਗਲਤ ਭਾਸ਼ਾ ਦੀ ਵਰਤੋਂ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਬਹੁਤ ਦੀ ਸ਼ਰਮ ਦੀ ਗੱਲ ਹੈ ਕਿ ਸ਼ਹਿਰ ਦੇ ਮੇਅਰ ਅਤੇ ਕਮਿਸ਼ਨਰ ਉਨ੍ਹਾਂ ਦੀ ਗੱਲ ਸੁਣ ਕੇ ਹੱਸ ਰਹੇ ਸਨ ।