The Khalas Tv Blog Punjab ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮਿਲਿਆ ਨਵਾਂ ਨਾਮ
Punjab

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮਿਲਿਆ ਨਵਾਂ ਨਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਅੱਜ ਨਵਾਂ ਨਾਂ ਰੱਖ ਦਿੱਤਾ ਗਿਆ ਹੈ। ਅੱਜ ਤੋਂ ਇਸ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਹਵਾਈ ਅੱਡੇ ਦਾ ਨਾਮ ਬਦਲਣ ਦਾ ਉਦਘਾਟਨ ਕੀਤਾ। ਇਸ ਵਿੱਚ ਪੰਚਕੂਲਾ ਅਤੇ ਮੁਹਾਲੀ ਦਾ ਨਾਂ ਨਹੀਂ ਜੋੜਿਆ ਗਿਆ ਹੈ। ਇਸ ਪ੍ਰੋਗਰਾਮ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੌਜੂਦ ਨਹੀਂ ਹਨ। ਜਾਣਕਾਰੀ ਮੁਤਾਬਕ ਉਹ ਵਿਦੇਸ਼ ਦੌਰੇ ‘ਤੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੇਂਦਰੀ ਮੰਤਰੀ ਵੀਕੇ ਸਿੰਘ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵੀ ਇੱਥੇ ਮੌਜੂਦ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਹਵਾਈ ਅੱਡੇ ਤੋਂ ਅਮਰੀਕਾ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਮੰਗ ਵੀ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਸਤੰਬਰ ਨੂੰ ਆਪਣੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਸੀ। ਹਰਿਆਣਾ ਨੇ ਇਤਰਾਜ਼ ਕੀਤਾ ਸੀ ਕਿ ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਦੇ ਨਾਂ ‘ਤੇ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਹੈ। ਭੁਪਿੰਦਰ ਸਿੰਘ ਹੁੱਡਾ ਨੇ ਭਗਤ ਸਿੰਘ ਦਾ ਨਾਂ ਰੱਖਣ ਦੀ ਹਾਮੀ ਭਰੀ ਸੀ।

ਨਾਂ ਬਦਲਣ ਨਾਲ ਹਵਾਈ ਅੱਡੇ ਦੇ ਨਾਮਕਰਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਰਕਾਰ ਦਰਮਿਆਨ ਚੱਲ ਰਿਹਾ ਸੱਤ ਸਾਲ ਪੁਰਾਣੀ ਤਕਰਾਰ ਵੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਤਕਰੀਬਨ 1 ਦਹਾਕੇ ਤੋਂ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ। ਪੰਜਾਬ ਤੇ ਹਰਿਆਣਾ ਦੋਵਾਂ ਨੇ ਇਸ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਸਿਫਾਰਸ਼ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ।

ਹਰਿਆਣਾ ਅਤੇ ਪੰਜਾਬ ਦੀਆਂ ਵਿਧਾਨ ਸਭਾ ਪਹਿਲਾਂ ਹੀ ਮਤਾ ਪਾਸ ਕਰ ਚੁੱਕੀਆਂ ਸਨ ਕਿ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ ਪਰ ਏਅਰਪੋਰਟ ਦੇ ਨਾਲ ਮੁਹਾਲੀ ਅਤੇ ਚੰਡੀਗੜ੍ਹ ਸ਼ਬਦ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਵਿਚਾਲੇ ਵਿਵਾਦ ਚੱਲ ਰਿਹਾ ਸੀ। ਪੰਜਾਬ ਅਤੇ ਹਰਿਆਣਾ ਦੋਵੇਂ ਹੀ ਆਪੋ ਆਪਣਾ ਦਾਅਵਾ ਹੁਣ ਵੀ ਛੱਡਣ ਨੂੰ ਤਿਆਰ ਨਹੀਂ ਸਨ। ਹਰਿਆਣਾ ਪਹਿਲਾਂ ਚੰਡੀਗੜ੍ਹ ਸ਼ਬਦ ਜੋੜਨ ਦੀ ਜ਼ਿੱਦ ਕਰ ਰਿਹਾ ਸੀ, ਪਰ ਹੁਣ ਇਸ ਦੇ ਨਾਲ ਪੰਚਕੂਲਾ ਜੋੜਨ ‘ਤੇ ਅੜਿਆ ਹੋਇਆ ਸੀ ਜਦਕਿ ਪੰਜਾਬ ਸ਼ਹੀਦ ਭਗਤ ਸਿੰਘ ਏਅਰਪੋਰਟ ਦੇ ਨਾਲ ਮੋਹਾਲੀ ਸ਼ਬਦ ਜੋੜਨਾ ਚਾਹੁੰਦਾ ਹੈ।

2008 ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਦਰਜਾ ਦਿਵਾਉਣ ਦੇ ਲਈ ਏਅਰਪੋਰਟ ਦੀ ਉਸਾਰੀ ਸ਼ੁਰੂ ਹੋਈ ਸੀ।  ਸੂਬੇ ਦੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ ਸੀ ਪਰ ਅਖੀਰਲੇ ਮੌਕੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਉੱਥੇ ਪਹੁੰਚ ਗਏ ਅਤੇ ਏਅਰਪੋਰਟ ‘ਤੇ ਹਰਿਆਣਾ ਦਾ ਵੀ ਬਰਾਬਰ ਦਾ ਹੱਕ ਦੱਸਿਆ।

2008 ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਦਰਜਾ ਦਿਵਾਉਣ ਦੇ ਲਈ ਏਅਰਪੋਰਟ ਦੀ ਉਸਾਰੀ ਸ਼ੁਰੂ ਹੋਈ ਸੀ। ਸੂਬੇ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ ਸੀ ਪਰ ਅਖੀਰਲੇ ਮੌਕੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਉੱਥੇ ਪਹੁੰਚ ਗਏ ਅਤੇ ਏਅਰਪੋਰਟ ‘ਤੇ ਹਰਿਆਣਾ ਦਾ ਵੀ ਬਰਾਬਰ ਦਾ ਹੱਕ ਦੱਸਿਆ। ਬਸ ਉਸੇ ਦਿਨ ਤੋਂ ਦੋਵਾਂ ਸੂਬਿਆਂ ਵਿੱਚ ਵਿਵਾਦ ਸ਼ੁਰੂ ਹੋ ਗਿਆ। 11 ਸਤੰਬਰ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਏਅਰਪੋਰਟ ਦਾ ਦਰਜਾ ਦਿੰਦੇ ਹੋਏ ਇਸ ਦੇ ਨਵੇਂ ਟਰਮਿਨਲਸ ਦਾ ਉਦਘਾਟਨ ਕੀਤਾ ਪਰ ਨਾਂ ਨੂੰ ਲੈ ਕੇ ਰੇੜਕਾ ਜਾਰੀ ਰਿਹਾ। ਨਵਾਂ ਟਰਮਿਨਲ ਵੀ ਮੁਹਾਲੀ ਵਾਲੀ ਥਾਂ ‘ਤੇ ਬਣਾਇਆ ਗਿਆ ਸੀ। ਪੰਜਾਬ ਸਰਕਾਰ ਦਾ ਦਾਅਵਾ ਸੀ ਕੌਮਾਂਤਰੀ ਹਵਾਈ ਅੱਡੇ ਲਈ ਸੂਬਾ ਸਰਕਾਰ ਨੇ ਜ਼ਮੀਨ ਦਿੱਤੀ ਹੈ, ਇਸ ਲਈ ਏਅਰਪੋਰਟ ਦਾ ਨਾਂ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਹੋਣਾ ਚਾਹੀਦਾ ਹੈ ਜਦਕਿ ਹਰਿਆਣਾ ਦਾ ਤਰਕ ਸੀ ਕਿ ਚੰਡੀਗੜ੍ਹ ਏਅਰਪੋਰਟ ਨੂੰ ਹੀ ਕੌਮਾਂਤਰੀ ਦਰਜਾ ਮਿਲਿਆ ਹੈ। ਇਸ ਲਈ ਚੰਡੀਗੜ੍ਹ ਇਸ ਨਾਲ ਜੁੜਿਆ ਹੋਣਾ ਚਾਹੀਦਾ ਹੈ।

Exit mobile version