‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ‘ਤੇ ਰਸਤਾ ਖੁੱਲ੍ਹਾ ਛੱਡਣ ਦੇ ਬਾਵਜੂਦ ਵੀ ਦਿੱਲੀ ਪੁਲਿਸ ਦੀ ਬੈਰੀਕੇਡਿੰਗ ਜਾਰੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਨੇ ਸਥਾਨਕ ਲੋਕਾਂ ਦੇ ਭੇਸ ਵਿੱਚ ਕਿਸਾਨਾਂ ਦੇ ਧਰਨੇ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਹੁਣ ਟਰੱਕ ਅਤੇ ਹੋਰ ਵਾਹਨ ਆਕਸੀਜਨ ਅਤੇ ਹੋਰ ਜ਼ਰੂਰੀ ਸੇਵਾਵਾਂ ਲਈ ਦਿੱਲੀ ਆ ਰਹੇ ਹਨ। ਕਿਸਾਨਾਂ ਨੇ ਸ਼ੁਰੂ ਤੋਂ ਹੀ ਇੱਕ ਪਾਸੇ ਦਾ ਰਸਤਾ ਖੋਲ੍ਹਿਆ ਹੋਇਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੇ 26 ਅਪ੍ਰੈਲ ਨੂੰ ਦਿੱਲੀ ਪੁਲਿਸ ਵੱਲੋਂ ਲਾਏ ਗਏ ਬੈਰੀਕੇਡ ਹਟਾਉਣ ਦੀ ਮੰਗ ਕਰਦਿਆਂ ਇੱਕ ਰਸਮੀ ਈਮੇਲ ਭੇਜੀ ਸੀ, ਜਿਸਦਾ ਜਵਾਬ ਅੱਜ ਆਇਆ ਹੈ। ਕਿਸਾਨ ਲੀਡਰਾਂ ਨੇ ਦਿੱਲੀ ਪੁਲਿਸ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਰਸਤਾ ਖੋਲ੍ਹਣ ਲਈ ਬੇਨਤੀ ਕੀਤੀ ਹੈ, ਤਾਂ ਜੋ ਕਰੋਨਾ ਵਿਰੁੱਧ ਲੜਾਈ ਪੂਰੀ ਤਾਕਤ ਨਾਲ ਲੜੀ ਜਾ ਸਕੇ।
ਕਿਸਾਨ ਲੀਡਰਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਭਾਜਪਾ ਦਾ ਰਾਜਨੀਤਿਕ ਅਤੇ ਸਮਾਜਿਕ ਨੁਕਸਾਨ ਵੱਧਦਾ ਜਾਵੇਗਾ। ਕਿਸਾਨ ਲੀਡਰਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਮਹਿਮਾਂ ਪਿੰਡ ਦੇ ਕਿਸਾਨਾਂ ‘ਤੇ ਹਾਲ ਹੀ ਵਿੱਚ ਦਰਜ ਕੀਤੇ ਗਏ ਪੁਲਿਸ ਕੇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਤੁਰੰਤ ਸਾਰੇ ਕੇਸ ਬਿਨਾਂ ਸ਼ਰਤ ਵਾਪਸ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।