The Khalas Tv Blog India ਤਿਉਹਾਰਾਂ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ‘ਵੱਡੀ ਰਾਹਤ’
India Punjab

ਤਿਉਹਾਰਾਂ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ‘ਵੱਡੀ ਰਾਹਤ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਮੰਤਰੀ ਮੰਡਲ ਨੇ ਅੱਜ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਿਕ 3 ਫੀਸਦ ਕੀਤਾ ਗਿਆ ਇਹ ਵਾਧਾ ਮੂਲ ਤਨਖਾਹ/ਪੈਨਸ਼ਨ ਦੀ 28 ਫੀਸਦ ਦੀ ਮੌਜੂਦਾ ਦਰ ਤੋਂ ਵੱਧ ਹੈ। ਇਸ ਨਾਲ ਨਾਲ ਤਕਰੀਬਨ 47.14 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ 68.62 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਸ ਨਾਲ ਸਰਕਾਰੀ ਖਜ਼ਾਨੇ ‘ਤੇ ਸਾਲਾਨਾ 9,488.70 ਕਰੋੜ ਰੁਪਏ ਦਾ ਬੋਝ ਵੀ ਪਵੇਗਾ। ਇਹ ਵਾਧਾ 1 ਜੁਲਾਈ, 2021 ਤੋਂ ਲਾਗੂ ਕੀਤਾ ਜਾ ਰਿਹਾ ਹੈ।

ਜੁਲਾਈ 2021 ਦੇ ਅਖੀਰ ਵਿੱਚ ਸਰਕਾਰ ਨੇ ਲਗਭਗ ਇੱਕ ਸਾਲ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਅਤੇ ਡੀਆਰ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਕਾਰਨ ਹੋਏ ਆਰਥਿਕ ਨੁਕਸਾਨ ਤੇ ਘੱਟ ਮਾਲੀਆ ਇਕੱਠਾ ਹੋਣ ਕਾਰਨ 2020 ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਬੈਨੀਫਿਟਸ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਸੀ।

ਕੇਂਦਰ ਸਰਕਾਰ ਨੇ ਡੀਏ ਅਤੇ ਡੀਆਰ ਦੀਆਂ ਤਿੰਨ ਵਾਧੂ ਕਿਸ਼ਤਾਂ ਨੂੰ ਫ੍ਰੀਜ਼ ਕਰ ਦਿੱਤਾ ਸੀ, ਜੋ ਕਿ 1 ਜਨਵਰੀ, 2020, 1 ਜੁਲਾਈ, 2020 ਅਤੇ 1 ਜਨਵਰੀ, 2021 ਦੀਆਂ ਹੋਣੀਆਂ ਸਨ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਡੀਏ ਅਤੇ ਡੀਆਰ ਵਾਧੇ ਨੂੰ ਬਹਾਲ ਕਰਨ ਦੇ ਇਸ ਕਦਮ ‘ਤੇ 34,400 ਕਰੋੜ ਰੁਪਏ ਖਰਚ ਹੋਣਗੇ।

Exit mobile version