’ਦ ਖ਼ਾਲਸ ਬਿਊਰੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸੌ ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਗੁਰਮਤਿ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿਖੇ ਕਰਵਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼ਹੀਦੀ ਸਾਕੇ ਦੌਰਾਨ ਜਥੇ ਦੀ ਅਗਵਾਈ ਕਰਨ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਪਰਿਵਾਰ ਨਾਲ ਸਬੰਧਿਤ ਨਗਰ ਗੋਧਰਪੁਰ ਵਿਖੇ 21 ਫ਼ਰਵਰੀ ਨੂੰ ਮੁੱਖ ਸਮਾਗਮ ਹੋਵੇਗਾ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ। 21 ਫ਼ਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੇਵਰੇ 10:00 ਵਜੇ ਤੋਂ ਲੈ ਕੇ ਸ਼ਾਮ 3:30 ਵਜੇ ਤੱਕ ਮੁੱਖ ਸਮਾਗਮ ਹੋਵੇਗਾ।
ਇਸ ਤੋਂ ਪਹਿਲਾਂ 19 ਫ਼ਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਇਸੇ ਦਿਨ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਮਾਗਮ ਹੋਣਗੇ। ਇਸ ਤੋਂ ਇਲਾਵਾ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ। 20 ਫ਼ਰਵਰੀ ਨੂੰ ਮਾਤਾ ਤੇਜ ਕੌਰ ਅਤੇ ਮਾਤਾ ਇੰਦਰ ਕੌਰ ਜੀ ਨੂੰ ਸਮਰਪਿਤ ਇਸਤਰੀ ਗੁਰਮਤਿ ਸੰਮੇਲਨ ਕਰਵਾਇਆ ਜਾਵੇਗਾ।
ਇਨ੍ਹਾਂ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਤੋਂ ਇਲਾਵਾ ਸਿੰਘ ਸਾਹਿਬਾਨ, ਵੱਖ-ਵੱਖ ਸੰਪ੍ਰਦਾਵਾਂ ਦੇ ਆਗੂ ਅਤੇ ਪੰਥਕ ਸ਼ਖ਼ਸੀਅਤਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੀਆਂ। ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਦੌਰਾਨ ਭਰਵੀਂ ਸ਼ਮੂਲੀਅਤ ਕਰਕੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਸਬੰਧੀ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ ’ਚ ਸ਼ਮੂਲੀਅਤ ਲਈ ਜਾਣ ਵਾਲੇ ਜਥੇ ’ਤੇ ਭਾਰਤ ਸਰਕਾਰ ਵੱਲੋਂ ਰੋਕ ਲਗਾਉਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਰੋਸ ਵੀ ਪ੍ਰਗਟ ਕੀਤਾ ਹੈ।
ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਭਾਰਤ ਸਰਕਾਰ ਦੇ ਫੈਸਲੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਸਰਕਾਰ ਨੂੰ ਇਸ ਫੈਸਲੇ ’ਤੇ ਮੁੜ ਗੌਰ ਕਰਨਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ, ਉਨ੍ਹਾਂ ਨੂੰ 21 ਫ਼ਰਵਰੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਦਿੱਤੀ ਜਾਵੇ। ਤਿਆਰੀਆਂ ਮੁਕੰਮਲ ਹੋਣ ਦੇ ਬਾਵਜੂਦ ਆਖ਼ਰੀ ਮੌਕੇ ਜਥੇ ’ਤੇ ਰੋਕ ਲਗਾਉਣੀ ਸਿੱਖ ਭਾਵਨਾਵਾਂ ਦਾ ਨਿਰਾਦਰ ਹੈ।