ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (JASWANT SINGH KHALRA) ’ਤੇ ਬਣੀ ਫਿਲਮ ਪੰਜਾਬ ’95 (FILM PUNJAB ’95) ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (Central Board of Film Certification) ਨੇ ਇਸ ਫਿਲਮ ਵਿੱਚ ਲਗਾਏ ਗਏ 85 ਕੱਟਾਂ ਨੂੰ ਵਧਾ ਕੇ 120 ਕਰ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ, ਫਿਲਮ ਦਾ ਨਾਂ ਬਦਲਣ ਅਤੇ ਜਸਵੰਤ ਸਿੰਘ ਖਾਲੜਾ ਦੇ ਨਾਂ ਨੂੰ ਲੈ ਕੇ ਵੀ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਪਿਛਲੇ 2 ਸਾਲ ਤੋਂ ਫ਼ਿਲਮ ਪੰਜਾਬ ’95 ਦੀ ਰਿਲੀਜ਼ ਰੁਕੀ ਹੋਈ ਹੈ।
ਇਸ ਫ਼ਿਲਮ ਵਿੱਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ (Diljeet Dosanjh) ਅਤੇ ਅਰਜੁਨ ਰਾਮਪਾਲ (Arjun Rampal) ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਹਨੀ ਤਹਿਰਾਨ ਵੱਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ ਜਸਵੰਤ ਸਿੰਘ ਖਾਲੜਾ ਵੱਲੋਂ 1984 ਤੋਂ 1994 ਵਿੱਚ ਕਤਲ ਕੀਤੇ ਗਏ ਸਿੱਖ ਨੌਜਵਾਨਾਂ ’ਤੇ ਬਣੀ ਹੈ। ਇਸ ਸਾਲ ਦੇ ਸ਼ੁਰੂਆਤ ਵਿੱਚ ਖ਼ਬਰ ਆਈ ਸੀ ਕਿ ਸੈਂਸਰ ਬੋਰਡ ਨੇ ਪਹਿਲਾਂ 85 ਕੱਟ ਦੀ ਮੰਗ ਕੀਤੀ ਸੀ। ਪਰ ਸੈਂਸਰ ਬੋਰਡ ਦੇ ਚੀਫ ਪਰਸੂਨ ਜੋਸ਼ੀ ਦੇ ਵੱਲੋਂ ਜਦੋਂ ਫਿਲਮ ਨੂੰ ਵੇਖਿਆ ਗਿਆ ਤਾਂ 120 ਸੀਨ ਕੱਟਣ ਦੇ ਹੁਕਮ ਦਿੱਤੇ ਗਏ ਹਨ।
ਸੂਤਰਾਂ ਦੇ ਮੁਤਾਬਿਕ ਸੈਂਸਰ ਬੋਰਡ ਨੇ ਫਿਲਮ ਦਾ ਨਾਂ ਬਦਲ ਕੇ ਸਤਲੁਜ (Satluj) ਰੱਖਣ ਦੀ ਸਿਫ਼ਾਰਿਸ਼ ਕੀਤੀ ਹੈ, ਜੋ ਪੰਜਾਬ ਨੂੰ ਜੋੜਨ ਦਾ ਪ੍ਰਤੀਕ ਹੈ। ਸੈਂਸਰ ਬੋਰਡ ਦੀ ਸਭ ਤੋਂ ਵੱਡੀ ਮੰਗ ਜਸਵੰਤ ਸਿੰਘ ਖਾਲੜਾ ਨੂੰ ਨਾਇਕ ਦੇ ਤੌਰ ’ਤੇ ਨਾਂ ਬੁਲਾਇਆ ਜਾਵੇ। ਫਿਲਮ ਦੇ ਡਾਇਰੈਕਟਰ ਹਨੀ ਅਤੇ ਪ੍ਰੋਡੂਸਰ ਰੋਹਨੀ ਸਕ੍ਰੀਨਵਾਲਾ ਨੇ ਸੈਂਸਰ ਬੋਰਡ ਨੂੰ ਦੱਸਿਆ ਕਿ ਉਹ ਅਜਿਹਾ ਬਦਲਾਅ ਨਹੀਂ ਕਰਨ ਦੇਣਗੇ ਕਿਉਂਕਿ ਜਸਵੰਤ ਸਿੰਘ ਖਾਲੜਾ ਦਾ 1984 ਤੋਂ 1994 ਦੇ ਵਿਚਾਲੇ ਗਾਇਬ ਹੋਏ ਸਿੱਖਾਂ ਦੇ ਕਤਲ ਨੂੰ ਉਜਾਗਰ ਕਰਨ ਵਿੱਚ ਅਹਿਮ ਰੋਲ ਰਿਹਾ ਹੈ। ਖਾਲੜਾ ਨੂੰ ਸਿੱਖ ਭਾਈਚਾਰਾ ‘ਸ਼ਹੀਦ’ ਦਾ ਦਰਜਾ ਦਿੰਦਾ ਹੈ। ਜੇਕਰ ਅਸੀਂ ਏਦਾਂ ਕੀਤਾ ਤਾਂ ਇਹ ਪਰਿਵਾਰ ਲਈ ਹੀ ਨਹੀਂ ਬਲਕਿ ਪੂਰੇ ਸਿੱਖ ਭਾਈਚਾਰੇ ਦੀ ਬੇਇੱਜ਼ਤੀ ਹੋਵੇਗੀ।
ਸੈਂਸਰ ਬੋਰਡ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਫਿਮਲ ਨੂੰ ‘ਬਾਇਓਪਿਕ’ ਦਾ ਨਾਂ ਨਹੀਂ ਦਿੱਤਾ ਜਾਵੇਗਾ ਯਾਨੀ ਫਿਲਮ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੈ, ਇਸ ਦਾ ਡਿਸਕਲੇਮਰ ਨਹੀਂ ਦਿੱਤਾ ਜਾਵੇਗਾ। ਸੈਂਸਰ ਬੋਰਡ ਨੇ ਜਿਹੜੇ ਨਵੇਂ ਕੱਟ ਲਗਾਉਣ ਨੂੰ ਕਿਹਾ ਹੈ, ਉਸ ਵਿੱਚ ਗੁਰਬਾਣੀ ਦੇ ਕੁਝ ਸੀਨ ਹਨ। ਇਸ ਤੋਂ ਇਲਾਵਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਨਾਂ ਹਟਾਉਣ ਲਈ ਕਿਹਾ ਗਿਆ ਹੈ।
ਫਿਲਮ ਵਿੱਚ ਭਾਰਤੀ ਝੰਡੇ, ਕੈਨੇਡਾ ਅਤੇ ਯੂਕੇ ਦਾ ਰੈਫਰੈਂਸ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੈਂਸਰ ਬੋਰਡ ਨੇ ਕਿਹਾ ਜੇਕਰ ਫਿਲਮ ਦੇ ਨਿਰਮਾਤਾ ਇਹ ਮੰਨ ਲੈਂਦੇ ਹਨ ਤਾਂ ਜਲਦ ਫਿਲਮ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ।