‘ਦ ਖ਼ਾਲਸ ਟੀਵੀ ਬਿਊਰੋ:-ਬਲਾਤਕਾਰੀ ਤੇ ਕਾ ਤਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਇਕ ਹੋਰ ਅਦਾਲਤੀ ਫੈਸਲਾ ਹੋਇਆ ਹੈ। ਪਹਿਲਾਂ ਤੋਂ ਹੀ ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਰਣਜੀਤ ਕਤਲ ਕੇਸ ਵਿੱਚ ਸੀਬੀਆਈ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਰਾਮ ਰਹੀਮ ਸਣੇ ਪੰਜ ਹੋਰ ਲੋਕ ਵੀ ਹਨ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਹਨ। ਸੀਬੀਆਈ ਜੱਜ ਡਾਕਟਰ ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਵਿੱਚ ਤਕਰੀਬਨ ਢਾਈ ਘੰਟਿਆਂ ਦੀ ਬਹਿਸ ਹੋਈ ਤੇ ਇਹ ਫੈਸਲਾ ਸੁਣਾਇਆ ਗਿਆ। ਦੋਸ਼ੀਂ ਨੂੰ ਸਜ਼ਾ ਸੀਬੀਆਈ ਦੀ ਵਿਸ਼ੇਸ਼ ਅਦਾਲਤ 12 ਅਕਤੂਬਰ ਨੂੰ ਦੇਵੇਗੀ।
ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਹਨ, ਉਨ੍ਹਾਂ ਵਿੱਚ ਰਾਮ ਰਹੀਮ, ਕ੍ਰਿਸ਼ਨਾ ਲਾਲ, ਸਬਦੀਲ, ਅਵਤਾਰ, ਜਸਬੀਰ ਦਾ ਨਾਂ ਸ਼ਾਮਿਲ ਹੈ। ਜਦੋਂ ਕਿ ਇੱਕ ਹੋਰ ਦੋਸ਼ੀ ਇੰਦਰਸੈਨ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਮੁਲਜ਼ਮ ਡੇਰਾਮੁਖੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨਾ ਕੁਮਾਰ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਵਿੱਚ ਪੇਸ਼ ਹੋਏ। ਇਸ ਦੇ ਨਾਲ ਹੀ ਮੁਲਜ਼ਮ ਅਵਤਾਰ, ਜਸਵੀਰ ਅਤੇ ਸਬਦੀਲ ਸਿੱਧਾ ਅਦਾਲਤ ਵਿੱਚ ਪੇਸ਼ ਹੋਏ। ਇਸ ਤੋਂ ਪਹਿਲਾਂ ਅਦਾਲਤ ਨੇ 26 ਅਗਸਤ ਨੂੰ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਣਾ ਸੀ। 19 ਸਾਲ ਪੁਰਾਣੇ ਇਸ ਮਾਮਲੇ ਵਿੱਚ ਫਾਈਨਲ 12 ਅਗਸਤ ਨੂੰ ਹੋਇਆ ਸੀ।
ਇਸ ਹਫਤੇ ਦੇ ਸ਼ੁਰੂ ਵਿੱਚ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਕਤਲ ਦੀ ਸੁਣਵਾਈ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਤੋਂ ਕਿਸੇ ਹੋਰ ਸੀਬੀਆਈ ਅਦਾਲਤ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹੁਣ, ਪੰਚਕੂਲਾ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਅਤੇ ਪੰਜ ਹੋਰ ਸਹਿ-ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 302 (ਕਤਲ) ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦਾ ਐਲਾਨ 12 ਅਕਤੂਬਰ ਨੂੰ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਡੇਰੇ ਦਾ ਮੁੱਖ ਪ੍ਰਬੰਧਕ ਸੀ ਅਤੇ ਉਸ ਦਾ 10 ਜੁਲਾਈ 2002 ਨੂੰ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਨੇ 3 ਦਸੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਇਹ ਪਟੀਸ਼ਨ ਰਣਜੀਤ ਸਿੰਘ ਦੇ ਬੇਟੇ ਜਗਸੀਰ ਸਿੰਘ ਨੇ ਦਾਇਰ ਕੀਤੀ ਸੀ। ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਚਾਰਜ ਬਣਾਇਆ ਗਿਆ ਸੀ। ਅਦਾਲਤ ਵਿੱਚ ਸੁਣਵਾਈ ਕਈ ਵਾਰ ਮੁਲਤਵੀ ਹੋਈ। ਰਣਜੀਤ ਸਿੰਘ ਡੇਰੇ ਦਾ ਮੁੱਖ ਪ੍ਰਬੰਧਕ ਸੀ। ਸੀਬੀਆਈ ਨੇ 2003 ਵਿੱਚ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ 2007 ਵਿੱਚ ਅਦਾਲਤ ਨੇ ਦੋਸ਼ ਤੈਅ ਕੀਤੇ ਸਨ।
ਚੇਲੀਆਂ ਨਾਲ ਬਲਾਤਾਕਰ ਤੇ ਪੱਤਰਕਾਰ ਦਾ ਕਤਲ
ਗੁਰਮੀਤ ਰਾਮ ਰਹੀਮ ਸਿੰਘ ਆਪਣੇ ਆਸ਼ਰਮ ਵਿੱਚ ਆਪਣੀਆਂ ਦੋ ਔਰਤ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਅਗਸਤ 2017 ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। 2019 ਵਿੱਚ, ਗੁਰਮੀਤ ਰਾਮ ਰਹੀਮ ਸਿੰਘ ਅਤੇ ਤਿੰਨ ਹੋਰਨਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਨੇ ਡੇਰਾ ਸੱਚਾ ਸੌਦਾ ਮੁਖੀ ਦੁਆਰਾ ਉਸਦੇ ਆਸ਼ਰਮ ਵਿੱਚ ਔਰਤਾਂ ਦੇ ਯੌਨ ਸ਼ੋਸ਼ਣ ਬਾਰੇ ਇੱਕ ਗੁਮਨਾਮ ਪੱਤਰ ਪ੍ਰਕਾਸ਼ਤ ਕੀਤਾ ਸੀ।