‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਰਾਤ 7.30 ਵਜੇ ਤੋਂ ਸਵੇਰੇ 5 ਵਜੇ ਤੱਕ ਖਣਨ ਕਰਨ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਹੁਣ ਰਾਤ ਸਮੇਂ ਰੇਤ ਦੀ ਮਾਈਨਿੰਗ ਰੋਕਣ ਲਈ ਫੋਰਸ ਤਾਇਨਾਤ ਕੀਤੀ ਜਾਵੇਗੀ। ਕੈਪਟਨ ਨੇ ਇਸ ਸਬੰਧੀ ਪੁਲਿਸ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਮਾਈਨਿੰਗ) ਨੂੰ ਹੁਕਮ ਦੇ ਦਿੱਤੇ ਹਨ। ਕੈਪਟਨ ਨੇ ਉਨ੍ਹਾਂ ਨੂੰ ਰਾਤ ਨੂੰ ਮਾਈਨਿੰਗ ਦੇ ਕੰਮਾਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਕੈਪਟਨ ਨੇ ਇੱਕ ਮੀਟਿੰਗ ਵਿੱਚ ਕਿਹਾ ਕਿ ਮਾਈਨਿੰਗ ਵਿਭਾਗ ਇਹ ਯਕੀਨੀ ਬਣਾਏਗਾ ਕਿ ਕਿਸੇ ਵੀ ਅਧਿਕਾਰਤ ਠੇਕੇਦਾਰ ਵੱਲੋਂ ਦਰਿਆਵਾਂ ਦੇ ਬੈੱਡ ਜਾਂ ਹੋਰ ਇਲਾਕਿਆਂ ਵਿੱਚ ਰਾਤ 7.30 ਵਜੇ ਤੋਂ ਸਵੇਰੇ 5 ਵਜੇ ਤੱਕ ਮਾਈਨਿੰਗ ਨਾ ਕੀਤੀ ਜਾਵੇ। ਕੋਈ ਵੀ ਵਿਅਕਤੀ, ਚਾਹੇ ਉਹ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਹੋਵੇ, ਜੇਕਰ ਗ਼ੈਰ-ਕਾਨੂੰਨੀ ਖਣਨ ’ਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਨੇ ਸੂਬੇ ਦੇ ਡੀ.ਜੀ.ਪੀ. ਅਤੇ ਨਵੀਂ ਗਠਿਤ ਕੀਤੀ ਗਈ ਐਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਨੂੰ ਰਾਤ ਦੇ ਸਮੇਂ ਕਿਸੇ ਵੀ ਖਣਨ ਸਰਗਰਮੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ਉੱਤੇ ਚੱਲ ਰਹੀਆਂ ਉਸਾਰੀ ਗਤੀਵਿਧੀਆਂ ਦੇ ਮੱਦੇਨਜ਼ਰ ਰਾਤ ਸਮੇਂ ਰੇਤ ਅਤੇ ਬੱਜਰੀ ਦੀ ਨਿਰਵਿਘਨ ਆਵਾਜਾਈ ਵਿੱਚ ਕੋਈ ਅੜਿੱਕਾ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਨੇ ਵਿਭਾਗ ਨੂੰ ਰੇਤ-ਬੱਜਰੀ ਵੀ ਵਾਜਬ ਕੀਮਤਾਂ ’ਤੇ ਮਿਲਣਾ ਯਕੀਨੀ ਬਣਾਉਣ ਅਤੇ ਪ੍ਰਮੁੱਖ ਸਕੱਤਰ ਮਾਈਨਿੰਗ ਨੂੰ ਰੇਤ-ਬੱਜਰੀ ਦੀਆਂ ਕੀਮਤਾਂ ਹੇਠਾਂ ਲਿਆਉਣ ਲਈ ਅਧਿਕਾਰਤ ਠੇਕੇਦਾਰਾਂ ਨਾਲ ਤਾਲਮੇਲ ਕਰਨ ਲਈ ਕਿਹਾ।
ਕੈਪਟਨ ਨੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗ਼ੈਰ-ਕਾਨੂੰਨੀ ਖਣਨ ’ਚ ਸ਼ਾਮਲ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਦੇ ਡਾਇਰੈਕਟਰ ਆਰ.ਐੱਨ. ਢੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟੋਰੇਟ ਦੇ ਗਠਨ ਤੋਂ ਲੈ ਕੇ ਹੁਣ ਤੱਕ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦੀਆਂ ਸਰਗਰਮੀਆਂ ’ਚ ਸ਼ਾਮਲ 93 ਵਿਅਕਤੀਆਂ ਖ਼ਿਲਾਫ਼ 70 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 70 ਵਾਹਨ ਜ਼ਬਤ ਕੀਤੇ ਗਏ ਹਨ।