Punjab

ਕੈਪਟਨ ਨੇ ਪੰਜਾਬ ‘ਚ ਸਨਅਤੀ ਇਕਾਈਆਂ ਨੂੰ ਆਕਸੀਜਨ ਸਪਲਾਈ ਬੰਦ ਕਰਵਾ ਕੇ ਜ਼ਿਲ੍ਹਿਆਂ ਲਈ ਕੀਤਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸਨਅਤੀ ਇਕਾਈਆਂ ਨੂੰ ਆਕਸੀਜਨ ਸਪਲਾਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਪੰਜਾਬ ਵਿੱਚ ਆਕਸੀਜਨ ਸੰਕਟ ਦੇ ਮੱਦੇਨਜ਼ਰ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਆਕਸੀਜਨ ਕੰਟਰੋਲ ਰੂਮ ਸਥਾਪਤ ਕਰਨ ਦੇ ਹੁਕਮ ਦਿੱਤੇ ਹਨ। ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਕਰਕੇ 6 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਕੈਪਟਨ ਨੇ ਇਹ ਹੁਕਮ ਦਿੱਤੇ ਹਨ। ਕੈਪਟਨ ਨੇ ਹਸਪਤਾਲਾਂ ਵਿੱਚ ਆਕਸੀਜਨ ਦੀ ਵੱਧਦੀ ਮੰਗ ਨੂੰ ਦੇਖਦਿਆਂ ਸੂਬੇ ’ਚ ਲੋਹੇ ਅਤੇ ਸਟੀਲ ਉਦਯੋਗਾਂ ਦੀਆਂ ਗਤੀਵਿਧੀਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਆਕਸੀਜਨ ਦੀ ਵਰਤੋਂ ਮੈਡੀਕਲ ਕਾਰਜਾਂ ਲਈ ਕੀਤੀ ਜਾ ਸਕੇ।

ਕੈਪਟਨ ਨੇ ਵੱਖ-ਵੱਖ ਹਸਪਤਾਲਾਂ ਤੋਂ ਆ ਰਹੀਆਂ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਅਤੇ ਪੰਜਾਬ ਨੂੰ ਮੌਜੂਦਾ ਸਮੇਂ ਅਲਾਟ ਕੀਤੀ ਜਾ ਰਹੀ ਆਕਸੀਜਨ ਦੀ ਥੋੜ੍ਹੀ ਮਾਤਰਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਕੇਂਦਰ ਸਰਕਾਰ ਨੂੰ ਪੰਜਾਬ ਲਈ ਆਕਸੀਜਨ ਕੋਟਾ ਵਧਾਉਣ ਦੀ ਵੀ ਮੰਗ ਕੀਤੀ ਹੈ।

ਕੈਪਟਨ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਪਹਿਲਾਂ ਮਨਜ਼ੂਰ ਕੀਤੇ 50 ਆਕਸੀਜਨ ਕੰਸਨਟ੍ਰੇਟਰਾਂ ਸਮੇਤ 100 ਹੋਰ ਆਕਸੀਜਨ ਕੰਸਨਟ੍ਰੇਟਰਾਂ ਦਾ ਇੰਤਜ਼ਾਮ ਕਰਨ ਲਈ ਕਿਹਾ। ਕੈਪਟਨ ਨੇ ਪ੍ਰਮੁੱਖ ਸਕੱਤਰ ਉਦਯੋਗ ਨੂੰ ਨਿਰਦੇਸ਼ ਦਿੱਤੇ ਹਨ ਕਿ ਫ਼ੌਰੀ ਤੌਰ ’ਤੇ ਉਦਯੋਗ ਭਵਨ, ਚੰਡੀਗੜ੍ਹ ’ਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ, ਜਿਸ ਵਿੱਚ ਡਾਇਰੈਕਟਰ ਉਦਯੋਗ ਅਤੇ ਵਣਜ ਤੋਂ ਇਲਾਵਾ ਪਰਸੋਨਲ ਵਿਭਾਗ ਵੱਲੋਂ ਲੋੜ ਪੈਣ ’ਤੇ ਆਪਣੇ ਅਫ਼ਸਰ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਸਕੇ। ਪ੍ਰਮੁੱਖ ਸਕੱਤਰ ਉਦਯੋਗ ਨੂੰ ਛੇਤੀ ਹੀ ਜ਼ਿਲ੍ਹਿਆਂ ਵਿੱਚ ਵੀ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਿਹਾ ਗਿਆ ਹੈ। ਕੈਪਟਨ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਵੀ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਲਈ ਹੁਕਮ ਦਿੱਤੇ ਹਨ। 

ਕੈਪਟਨ ਨੇ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਅਚਾਨਕ ਹੀ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਪੰਜਾਬ ਨੂੰ ਆਕਸੀਜਨ ਦੀ ਵੱਡੀ ਮਾਤਰਾ ਵਿੱਚ ਲੋੜ ਪੈਦਾ ਹੋ ਗਈ ਹੈ। ਲੋਹੇ ਅਤੇ ਸਟੀਲ ਪਲਾਂਟਾਂ ’ਚ ਸਨਅਤੀ ਗਤੀਵਿਧੀਆਂ ਬੰਦ ਕਰਨ ਦਾ ਹੁਕਮ ਦਿੰਦਿਆਂ ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਫ਼ੈਸਲੇ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਦੇਵੇਗੀ। ਕੈਪਟਨ ਨੇ ਮੈਡੀਕਲ ਆਕਸੀਜਨ ਮੁਹੱਈਆ ਕਰਵਾਉਣ ਲਈ ਥਰਮਲ ਪਲਾਂਟਾਂ ਦੀ ਵਰਤੋਂ ਕੀਤੇ ਜਾਣ ਸਬੰਧੀ ਵਿਹਾਰਿਕਤਾ ਰਿਪੋਰਟ ਵੀ ਮੰਗੀ ਹੈ। ਪੰਜਾਬ ਵਿੱਚ ਆਕਸੀਜਨ ਦੀ ਮੌਜੂਦਾ ਮੰਗ 250 ਮੀਟ੍ਰਿਕ ਟਨ ਹੈ ਅਤੇ ਕੋਵਿਡ ਕੇਸਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਇਹ ਮੰਗ 300 ਮੀਟ੍ਰਿਕ ਟਨ ਤੱਕ ਪਹੁੰਚ ਸਕਦੀ ਹੈ।

ਕੈਪਟਨ ਨੇ ਨਿੱਜੀ ਹਸਪਤਾਲਾਂ ਨਾਲ ਇਕਰਾਰਬੱਧ ਆਕਸੀਜਨ ਸਪਲਾਈ ਦੀ ਸਮੀਖਿਆ ਕਰਨ ਦੇ ਵੀ ਹੁਕਮ ਦਿੱਤੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਕਸੀਜਨ ਦੀ ਸਪਲਾਈ ਲੋੜ ਅਨੁਸਾਰ ਸੂਬੇ ਭਰ ਵਿੱਚ ਵਿਵਹਾਰਿਕ ਢੰਗ ਨਾਲ ਕੀਤੀ ਜਾ ਸਕੇ। ਸਪਲਾਇਰਾਂ ਵੱਲੋਂ ਆਕਸੀਜਨ ਦੀ ਕੀਮਤ ਵਿੱਚ ਵਾਧੇ ਦੀਆਂ ਰਿਪੋਰਟਾਂ ਬਾਰੇ ਉਨ੍ਹਾਂ ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ ਨੂੰ ਥੋਕ ਸਪਲਾਇਰਾਂ ਨਾਲ ਕੀਮਤ ਦੇ ਮੁੱਦੇ ਨੂੰ ਵਿਚਾਰ ਕੇ ਹੱਲ ਕਰਨ ਅਤੇ ਅੰਤਿਮ ਫ਼ੈਸਲੇ ਬਾਰੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਨੂੰ ਜਾਣੂ ਕਰਾਉਣ ਲਈ ਕਿਹਾ।