Punjab

ਕਿਸਾਨ ਜਥੇਬੰਦੀਆਂ ਨੂੰ ਸਮਝਾ ਕੇ ਖੇਤੀ ਕਾਨੂੰਨ ਬਣਾਏ ਜਾ ਸਕਦੇ : ਕੈਪਟਨ ਅਮਰਿੰਦਰ ਸਿੰਘ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਵਿੱਚ ਜਾਣ ਬਾਰੇ ਕਿਹਾ ਕਿ ਬੀਜੇਪੀ ਵਿੱਚ ਜਾਣਾ ਉਨ੍ਹਾਂ ਦੀ ਕੋਈ ਮਜ਼ਬੂਰੀ ਨਹੀਂ ਸੀ। ਉਨ੍ਹਾਂ ਨੇ ਬੀਜੇਪੀ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਸਾਰਾ ਹਿੰਦੁਸਤਾਨ ਬੀਜੇਪੀ ਹੈ। ਇਹ ਨਾ ਸੋਚੋ ਕਿ ਜ਼ਿਮੀਂਦਾਰ ਬੀਜੇਪੀ ਤੋਂ ਔਖੇ ਹਨ, ਬਹੁਤ ਸਾਰੇ ਬੀਜੇਪੀ ਨਾਲ ਪਿਆਰ ਰੱਖਦੇ ਹਨ। ਕੈਪਟਨ ਨੇ ਕਿਹਾ ਕਿ ਆਪ੍ਰੇਸ਼ਨ ਲੋਟਸ ਦੇ ਨਾਂ ਹੇਠ ਬੀਜੇਪੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਕੋਈ ਵੀ ਅਜਿਹੀ ਸਰਕਾਰ ਨਹੀਂ ਆ ਸਕਦੀ ਜੋ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਸਕੇ ਕਿਉਂਕਿ ਪੰਜਾਬ ਕੋਲ ਪੈਸਾ ਹੀ ਨਹੀਂ ਹੈ। ਕੈਪਟਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸਮਝਾ ਕੇ ਖੇਤੀ ਕਾਨੂੰਨ ਬਣਾਏ ਜਾ ਸਕਦੇ ਹਨ। ਇਸ ਉੱਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ।

ਕੈਪਟਨ ਨੇ ਦੱਸਿਆ ਕਿ ਮਾਇਨਿੰਗ ਵਿੱਚ ਭ੍ਰਿਸ਼ਟ ਅਫ਼ਸਰਾਂ ਦੇ ਨਾਵਾਂ ਦੀ ਉਨ੍ਹਾਂ ਕੋਲ ਕੋਈ ਫਾਇਲ ਨਹੀਂ ਸੀ, ਉਹ ਸਿਰਫ਼ ਇੱਕ ਪੇਪਰ ਸੀ। ਉਸ ਵਿੱਚ ਕਿੰਨੇ ਨਾਮ ਸੀ, ਉਹ ਹੁਣ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਹਨ। ਕੈਪਟਨ ਨੇ ਕਿਹਾ ਕਿ ਜੇ ਭਗਵੰਤ ਮਾਨ ਮੇਰੇ ਤੋਂ ਨਾਮ ਮੰਗਣਗੇ ਤਾਂ ਮੈਂ ਉਨ੍ਹਾਂ ਨੂੰ ਦੇਵਾਂਗਾ।

ਪਾਣੀ ਦੇ ਮੁੱਦੇ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਚਾਹੀਦਾ ਹੈ ਤਾਂ ਉਹ ਯਮੁਨਾ ਵਿੱਚ ਲੈ ਲਵੇ ਜੋ ਯੂਪੀ ਵਗੈਰਾ ਵਿੱਚ ਵੀ ਚਲਾ ਜਾਂਦਾ ਹੈ। ਲੰਮੀ ਸੋਚ ਕੇ ਵੇਖੀਏ ਤਾਂ ਪੰਜਾਬ ਵਿੱਚੋਂ ਪਾਣੀ ਕਿਵੇਂ ਹਰਿਆਣਾ ਨੂੰ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਵਿੱਚ ਤਾਂ ਪਾਣੀ ਅੱਗੇ ਹੀ ਥੋੜਾ ਹੈ, ਕਿਸਾਨਾਂ ਦੀਆਂ ਫਸਲਾਂ ਸੁੱਕ ਜਾਣਗੀਆਂ।

ਗੈਂਗਸਟਰਾਂ ਬਾਰੇ ਬੋਲਦਿਆਂ ਕਿਹਾ ਕਿ ਗੈਂਗਸਟਰਾਂ ਨਾਲ ਪੁਲਿਸ ਨੂੰ ਸਿੱਧਾ ਟਾਕਰਾ ਕਰਨਾ ਪਵੇਗਾ। ਗੈਂਗਸਟਰਾਂ ਨੂੰ ਟਾਕਰੇ ਵਿੱਚ ਗੋਲੀ ਮਾਰ ਦੇਣੀ ਚਾਹੀਦੀ। ਕੈਪਟਨ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਗੈਂਗਸਟਰ ਬਣ ਕਿਉਂ ਰਹੇ ਹਨ, ਇਹ ਸਰਕਾਰ ਨੂੰ ਦੇਖਣਾ ਪਵੇਗਾ।