India Punjab

ਕੈਪਟਨ ਅਮਰਿੰਦਰ ਬਣ ਸਕਦੇ ਨੇ ਅਗਲੇ ਉਪ ਰਾਸ਼ਟਰਪਤੀ,ਇਸ ਵਜ੍ਹਾ ਨਾਲ ਦਾਅਵੇਦਾਰੀ ਮਜ਼ਬੂਤ

11 ਅਗਸਤ ਨੂੰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ

‘ਦ ਖ਼ਾਲਸ ਬਿਊਰੋ :- ਪੰਜਾਬ ਦੇ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਮੁੜ ਤੋਂ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਦੀ NDA ਸਰਕਾਰ ਕੈਪਟਨ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾ ਸਕਦੀ ਹੈ। ਛੇ ਅਗਸਤ ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਅਤੇ 11 ਅਗਸਤ ਨੂੰ ਕਾਰਜਕਾਲ ਦਾ ਅਖੀਰਲਾ ਦਿਨ ਹੈ। ਕੈਪਟਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਬਹੁਤ ਚੰਗੇ ਰਿਸ਼ਤੇ ਹਨ। ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣਾ ਕੇ ਬੀਜੇਪੀ ਪੰਜਾਬ ਦੀ ਸਿਆਸਤ ਵਿੱਚ ਵੱਡਾ ਦਾਅ ਖੇਡਣ ਦੀ ਤਿਆਰੀ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਵੀ ਇਸ ਨੂੰ ਲੈ ਕੇ ਵੱਡੇ ਸੰਕੇਤ ਦਿੱਤੇ ਜਾ ਰਹੇ ਹਨ। ਕਿਆਸ ਨੇ ਕਿ ਇਸੇ ਮਹੀਨੇ ਦੇ ਅਖੀਰ ਵਿੱਚ ਜਦੋਂ ਕੈਪਟਨ ਇਲਾਜ ਤੋਂ ਬਾਅਦ ਅਮਰੀਕਾ ਤੋਂ ਪਰਤਨਗੇ ਤਾਂ ਉਨ੍ਹਾਂ ਦੀ ਪਾਰਟੀ ਦਾ ਬੀਜੇਪੀ ਵਿੱਚ ਰਲੇਵਾਂ ਹੋ ਸਕਦਾ ਹੈ।


ਕੈਪਟਨ ਦੇ ਜ਼ਰੀਏ ਬੀਜੇਪੀ ਦਾ ਪਲਾਨ


ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਬੀਜੇਪੀ ਨਾਲ ਗਠਜੋੜ ਵਿੱਚ ਚੋਣ ਲੜੀ ਸੀ ਪਰ ਨਾ ਉਨ੍ਹਾਂ ਦੀ ਪਾਰਟੀ ਨੇ ਕੋਈ ਸੀਟ ਜਿੱਤੀ ਨਾ ਹੀ ਕੈਪਟਨ ਆਪ ਦੀ ਸਿਆਸੀ ਹਨੇਰੇ ਵਿੱਚ ਆਪਣੀ ਸੀਟ ਬਚਾ ਸਕੇ। ਪਰ ਬੀਜੇਪੀ ਨੂੰ ਪਤਾ ਹੈ ਕਿ ਕੈਪਟਨ ਦਾ ਪੰਜਾਬ ਦੀ ਸਿਆਸਤ ਵਿੱਚ ਹੁਣ ਵੀ ਵੱਡਾ ਆਧਾਰ ਹੈ। ਕਾਂਗਰਸ ਦੇ ਸਾਰੇ ਮਜ਼ਬੂਤ ਚਿਹਰਿਆਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਵਿੱਚ ਕੈਪਟਨ ਦਾ ਵੱਡਾ ਹੱਥ ਹੈ, ਭਾਵੇਂ ਉਹ ਸੁਨੀਲ ਜਾਖੜ ਹੋਣ,ਰਾਣਾ ਗੁਰਮੀਤ ਸੋਢੀ, ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ ਜਾਂ ਬਲਬੀਰ ਸਿੱਧੂ। ਕਾਂਗਰਸ ਦੇ ਇਹ ਉਹ ਵੱਡੇ ਚਿਹਰੇ ਹਨ ਜੋ ਆਪਣੇ ਦਮ ‘ਤੇ 3 ਤੋਂ 4 ਵਾਰ ਲਗਾਤਾਰ ਵਿਧਾਇਕ ਬਣੇ। ਕੈਪਟਨ ਦਾ ਕਿਸਾਨ ਜਥੇਬੰਦੀਆਂ ਵਿੱਚ ਵੀ ਚੰਗਾ ਆਧਾਰ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਨੇ ਹੀ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸੀ ਅਤੇ ਕਿਸਾਨਾਂ ਨੂੰ ਦਿੱਲੀ ਤੱਕ ਜਾਣ ਦਾ ਰਸਤਾ ਵੀ ਸਾਫ਼ ਕੀਤਾ ਸੀ, ਇਸ ਤੋਂ ਇਲਾਵਾ SYL ‘ਤੇ ਸਖ਼ਤ ਸਟੈਂਡ ਤੋਂ ਬਾਅਦ ਉਨ੍ਹਾਂ ਨੂੰ ਪਾਣੀਆਂ ਦਾ ਰਾਖਾ ਵੀ ਕਿਹਾ ਜਾਂਦਾ ਹੈ। ਜੇਕਰ ਉਹ ਮੁੜ ਤੋਂ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਤੋਂ ਫੈਸਲੇ ਕਰਵਾਉਂਦੇ ਹਨ ਤਾਂ ਪੰਜਾਬ ਵਿੱਚ ਉਹ ਬੀਜੇਪੀ ਲਈ ਮਜਬੂਤ ਜ਼ਮੀਨ ਤਰਾਸ਼ ਸਕਦੇ ਹਨ। ਇਸੇ ਲਈ ਬੀਜੇਪੀ ਕੈਪਟਨ ਨੂੰ ਉਪ ਰਾਸ਼ਟਰਪਤੀ ਬਣਾ ਕੇ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨਾ ਚਾਹੁੰਦੀ ਹੈ, ਬੀਜੇਪੀ ਜੇਕਰ ਇਹ ਫੈਸਲਾ ਲੈਂਦੀ ਹੈ ਤਾਂ ਇਸ ਦੇ 2 ਮਾਇਨੇ ਹੋਣਗੇ।

ਬੀਜੇਪੀ ਦਾ ਅਕਾਲੀ ਦਲ ਨੂੰ ਸੁਨੇਹਾ

ਅਕਾਲੀ ਦਲ ਨੇ ਰਾਸ਼ਟਰਪਤੀ ਅਹੁਦੇ ਦੇ ਲਈ NDA ਦੇ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਹਿਮਾਇਤ ਦੇ ਦਿੱਤੀ ਹੈ, ਇਸ ਦੇ ਪਿੱਛੇ ਸੁਖਬੀਰ ਬਾਦਲ ਕਾਂਗਰਸ ਦੇ ਉਮੀਦਵਾਰ ਦੇ ਵਿਰੋਧ ਨੂੰ ਕਾਰਨ ਦੱਸ ਰਹੇ ਨੇ, ਪਰ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਮੁੜ ਤੋਂ ਬੀਜੇਪੀ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ, ਪਰ ਬੀਜੇਪੀ ਕੈਪਟਨ ਦੇ ਜ਼ਰੀਏ ਪੰਜਾਬ ਵਿੱਚ ਆਪਣੇ ਦਮ ਉੱਤੇ ਆਧਾਰ ਮਜ਼ਬੂਤ ਕਰਨਾ ਚਾਹੁੰਦੀ ਹੈ। ਬੀਜੇਪੀ ਤੋਂ ਗਵਾਉਣ ਨੂੰ ਕੁਝ ਨਹੀਂ ਹੈ ਪਰ ਪਾਉਣ ਨੂੰ ਬਹੁਤ ਕੁਝ ਹੈ, ਜੇਕਰ ਕੈਪਟਨ ਦਾ ਦਾਅ ਚੱਲ ਜਾਂਦਾ ਹੈ ਤਾਂ ਬੀਜੇਪੀ ਆਪਣੇ ਦਮ ਉੱਤੇ ਸਰਕਾਰ ਬਣਾ ਸਕਦੇ ਨੇ, ਪਰ ਜੇਕਰ ਇਹ ਫਾਰਮੂਲਾ ਫਲਾਪ ਹੁੰਦਾ ਹੈ ਤਾਂ ਬੀਜੇਪੀ ਮੁੜ ਤੋਂ ਅਕਾਲੀ ਦਲ ਕੋਲ ਜਾ ਸਕਦੀ ਹੈ, ਅਕਾਲੀ ਦਲ ਦੀ ਮੌਜੂਦਾ ਹਾਲਤ ਨੂੰ ਵੇਖ ਦੇ ਹੋਏ ਅਜਿਹਾ ਨਹੀਂ ਲੱਗਦਾ ਹੈ ਕਿ ਉਹ ਅਗਲੇ 5 ਸਾਲ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਸਕਣਗੇ।