Punjab

ਪੰਜਾਬ ਦੀ ਸਿਆਸਤ ‘ਚ ਮੁੜ ਸਰਗਰਮ ਹੋਏ ਕੈਪਟਨ ਅਮਰਿੰਦਰ ਸਿੰਘ

ਮੋਗਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਅੱਜ ਮੋਗਾ ਸਥਿਤ ਭਾਜਪਾ ਦਫਤਰ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਰਾਜਾ ਵੜਿੰਗ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਵਿਚ ਨਸ਼ਾ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਤਰਨਤਾਰਨ ਜ਼ਿਮਨੀ ਚੋਣਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਉਥੇ ਨਹੀਂ ਗਏ ਪਰ ਸਾਡੀ ਪਾਰਟੀ ਬਹੁਤ ਮਜ਼ਬੂਤ ​​ਹੈ ਤੇ ਅਸੀਂ ਜ਼ਰੂਰ ਇਹ ਚੋਣ ਜਿੱਤਾਂਗੇ।

ਰਾਹੁਲ ਗਾਂਧੀ ’ਤੇ ਟਿੱਪਣੀ

ਰਾਹੁਲ ਗਾਂਧੀ ਦੇ ਮੋਦੀ ਦੇ ਨੱਚਣ ਵਾਲੇ ਬਿਆਨ ’ਤੇ ਕੈਪਟਨ ਨੇ ਕਿਹਾ, “ਰਾਹੁਲ ਨੂੰ ਕੋਈ ਸਮਝ ਨਹੀਂ। ਉਨ੍ਹਾਂ ਨੂੰ ਪਤਾ ਨਹੀਂ ਉਹ ਕੀ ਬੋਲ ਰਹੇ ਹਨ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਨੱਚਦੇ ਦੇਖਿਆ ਹੈ? ਟਰੰਪ ਨੱਚਦੇ ਹਨ।”

ਨਸ਼ਾ ਵਿਰੋਧੀ ਮੁਹਿੰਮ

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਨਸ਼ੇ ਖ਼ਤਮ ਕਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਭਾਜਪਾ ਦੇ ਕਾਰਜਕਾਲ ਵਿੱਚ ਜਿੰਨੀ ਤਰੱਕੀ ਹੋਈ, ਉੰਨੀ ਕਿਸੇ ਹੋਰ ਸਰਕਾਰ ਮੌਕੇ ਨਹੀਂ ਹੋਈ। ਦੇਸ਼ ਦੀ ਤਰੱਕੀ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ। “ਮੋਦੀ ਦਾ ਹਰ ਥਾਂ ਡੰਕਾ ਵੱਜ ਰਿਹਾ ਹੈ। ਜੀਡੀਪੀ ਚੀਨ ਤੋਂ ਅੱਗੇ ਹੈ। ਭਾਰਤ ਵਿੱਚ ਭਾਜਪਾ ਸਰਕਾਰ ਰਹਿਣੀ ਜ਼ਰੂਰੀ ਹੈ।”

ਬਿਕਰਮ ਮਜੀਠੀਆ ਮਾਮਲਾ

ਮਜੀਠੀਆ ਦੀ ਜਾਂਚ ਹਰਪ੍ਰੀਤ ਸਿੰਘ ਸਿੱਧੂ ਨੇ ਕੀਤੀ ਸੀ ਤੇ ਬੰਦ ਰਿਪੋਰਟ ਹਾਈ ਕੋਰਟ ਵਿੱਚ ਰੱਖੀ ਗਈ। ਦੁਬਾਰਾ ਜਾਂਚ ਦਾ ਕੋਈ ਮਤਲਬ ਨਹੀਂ। “ਮਜੀਠੀਆ ਮੇਰਾ ਰਿਸ਼ਤੇਦਾਰ ਨਹੀਂ। ਹਰ ਕੰਮ ਕਾਨੂੰਨੀ ਦਾਇਰੇ ਵਿੱਚ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੜ ਜਾਂਚ ਦੇ ਹੁਕਮ ਪੂਰੀ ਤਰ੍ਹਾਂ ਗਲਤ ਹਨ।”

ਨਵਜੋਤ ਸਿੱਧੂ ’ਤੇ ਤੰਜ

ਮੋਗਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕੈਪਟਨ ਨੇ ਕਿਹਾ ਕਿ ਜਦੋਂ ਸਿੱਧੂ ਉਨ੍ਹਾਂ ਦੇ ਮੰਤਰੀ ਸਨ, ਤਾਂ ਉਨ੍ਹਾਂ ਕੋਲ ਤਿੰਨ ਮਹਿਕਮੇ (ਸੱਭਿਆਚਾਰ, ਸਪੋਰਟਸ ਸਮੇਤ) ਸਨ ਪਰ ਸੱਤ ਮਹੀਨੇ ਤੱਕ ਫਾਇਲਾਂ ਕਲੀਅਰ ਨਹੀਂ ਕੀਤੀਆਂ। ਚੀਫ ਸੈਕਟਰੀ ਨੇ ਸ਼ਿਕਾਇਤਾਂ ਦੱਸੀਆਂ। ਜਦੋਂ ਕਾਰਨ ਪੁੱਛਿਆ ਤਾਂ ਸਿੱਧੂ ਬਹਾਨੇ ਬਣਾਉਣ ਲੱਗੇ।

ਨਸ਼ਾ ਖ਼ਤਮ ਕਰਨ ਦੀ ਗੱਲ ’ਤੇ ਸਪੱਸ਼ਟੀਕਰਨ

ਬਠਿੰਡਾ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਿਹਾ ਸੀ, “ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ” – ਇਸ ਦਾ ਮਤਲਬ ਨਸ਼ਾ ਖ਼ਤਮ ਕਰਨਾ ਨਹੀਂ ਸੀ। ਡੀਜੀਪੀ ਹਰਪ੍ਰੀਤ ਸਿੱਧੂ ਨੂੰ ਲਿਆਂਦਾ, ਟੀਮ ਬਣਾਈ, ਕਈ ਤਸਕਰ ਫੜੇ, ਜੇਲ੍ਹਾਂ ਭਰ ਗਈਆਂ।