‘ਦ ਖਾਲਸ ਬਿਉਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਬਾਨੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਝੂਠ ਦੇ ਸਹਾਰੇ ਲੋਕਾਂ ਤੋਂ ਦੁਬਾਰਾ ਵੋਟਾਂ ਮੰਗਣ ਲੱਗੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਹੁੰਦਿਆਂ ਕਾਂਗਰਸ ਮੈਨੀਫੈਸਟੋ ਵਿੱਚੋਂ 92 ਫ਼ੀਸਦੀ ਵਾਅਦੇ ਪੂਰੇ ਕਰ ਦਿੱਤੇ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਪ੍ਰਾਪਤੀਆਂ ਨੂੰ ਮੁੱਖ ਮੰਤਰੀ ਚੰਨੀ ਦੇ ਨਾਂ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਗੁਣ-ਗਾਣ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਕਾਂਗਰਸ ਸਮੇਤ ਦੂਜੀਆਂ ਸਾਰੀਆਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਭਾਜਪਾ ਦਾ ਪੰਜਾਬ ਵਿੱਚ ਆਉਣਾ ਤੈਅ ਹੈ।
ਉਨ੍ਹਾਂ ਨੇ ਸਮਾਗਮ ਦੇ ਸ਼ੁਰੂ ਵਿੱਚ ਪੰਜਾਬੀਆਂ ਦੇ ਦਲੇਰਾਨਾ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਪੰਜਾਬੀਆਂ ਸਿਰ ਹੈ। ਪੰਜਾਬੀ ਕੌਮ ਕਿਸੇ ਦੀ ਈਨ ਮੰਨਣ ਵਾਲੀ ਨਹੀਂ ਸਗੋਂ ਦੰਭੀਆਂ ਨੂੰ ਹਰਾਉਣਾ ਜਾਣਦੀ ਹੈ। ਰੈਲੀ ਨੂੰ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਤੋਂ ਬਿਨਾਂ ਹੋਰ ਕਈ ਨੇਤਾਵਾਂ ਨੇ ਸੰਬੋਧਨ ਵੀ ਕੀਤਾ। ਕੈਪਟਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਨੇ ਹੁਣ ਅੱਠ ਨੁਕਾਤੀ ਫਾਰਮੂਲਾ ਦਿੱਤਾ ਹੈ ਕਿ ਇਸਦੇ ਆਧਾਰ ‘ਤੇ ਉਹ ਕੰਮ ਕਰਨਗੇ। ਇਨ੍ਹਾਂ ਦੇ ਪੱਲੇ ਕੁੱਝ ਨਹੀਂ ਹੈ, ਕੋਈ ਪੈਸਾ ਨਹੀਂ ਹੈ ਬਸ ਇਹ ਵੋਟਾਂ ਲਈ ਝੂਠ ਬੋਲ ਰਹੇ ਹਨ। ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਦੇ ਮਾਸੂਮ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ। ਪਾਕਿਸਤਾਨ ਦਾ ਅੰਗੂਠਾ ਸਾਡੇ ਗਲੇ ਵਿੱਚ ਹੈ। ਪੰਜਾਬ ਨੂੰ ਤਕੜਾ ਕਰਨ ਲਈ ਭਾਜਪਾ ਦਾ ਸਾਥ ਲਾਜ਼ਮੀ ਹੈ।