India Punjab

ਕੇਂਦਰ ਨੇ ਪੰਜਾਬ ਦੀ ਕੀਤੀ ਜਵਾਬ ਤਲਬੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਬਹੁ-ਚਰਚਿਤ ਦੌਰੇ ਦੌਰਾਨ ਆਪਣੇ ਦਿਲ ਦੀ ਗੱਲ ਕਹੇ ਤੋਂ ਬਿਨਾਂ ਹੀ ਵਾਪਸ ਮੁੜਨਾ ਪਿਆ। ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਪਹਿਲਾਂ ਹੀ ਵੱਡਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ। ਮੌਸਮ ਖਰਾਬ ਹੋਣ ਦੀ ਵਜ੍ਹਾ ਕਾਰਨ ਅਤੇ ਕਿਸਾਨਾਂ ਦੇ ਸੜਕਾਂ ‘ਤੇ ਡਟੇ ਰਹਿਣ ਕਾਰਨ ਉਨ੍ਹਾਂ ਨੂੰ ਫਿਰੋਜ਼ਪੁਰ ਦੀ ਰੈਲੀ ਰੱਦ ਕਰਨੀ ਪਈ। ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਨਾ ਕਰਾਉਣ ਦੇ ਦੋਸ਼ ਲਾਉਂਦਿਆਂ ਚੰਨੀ ਸਰਕਾਰ ਤੋਂ ਅਸਤੀਫਾ ਮੰਗ ਲਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਗਲਤੀ ਹੋਣ ਬਦਲੇ ਕੇਂਦਰ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਵਿੱਚ ਘਾਟ ਦੇ ਚੱਲਦਿਆਂ ਬਠਿੰਡਾ ਤੋਂ ਫਿਰੋਜ਼ਪੁਰ ਜਾਂਦੇ ਪ੍ਰਧਾਨ ਮੰਤਰੀ ਦਾ ਕਾਫਲਾ ਲਗਭਗ 20 ਮਿੰਟਾਂ ਲਈ ਫਲਾਈ ਓਵਰ ‘ਤੇ ਰੋਕਣਾ ਪਿਆ। ਗ੍ਰਹਿ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਪੰਜਾਬ ਵਿੱਚ ਪ੍ਰਧਾਨ ਮੰਤਰੀ ਦੀ ਯਾਤਰਾ ਵਿੱਚ ਸੁਰੱਖਿਆ ਦੀ ਘਾਟ ਦੇ ਬਾਅਦ ਉਨ੍ਹਾਂ ਦੇ ਕਾਫਲੇ ਨੂੰ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਵਾਪਸ ਮੋੜਨ ਦਾ ਫੈਸਲਾ ਲੈਣਾ ਪਿਆ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਹੋਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੇ ਰੂਟ ਵਿੱਚ ਅਚਾਨਕ ਹੋਈ ਤਬਦੀਲੀ ਕਾਰਨ ਉਨ੍ਹਾਂ ਦੇ ਕਾਫ਼ਲੇ ਨੂੰ ਦਿੱਕਤ ਆਈ ਹੈ। ਸੂਚਨਾ ਤਾਂ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਦੇ ਬਦਲੇ ਰੂਟ ਦੀ ਪੰਜਾਬ ਸਰਕਾਰ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸੈਨੀਵਾਲਾ ਤੋਂ ਹੀ ਦਿੱਲੀ ਨੂੰ ਪਰਤ ਗਏ। ਚਰਚਾ ਤਾਂ ਇਹ ਵੀ ਛਿੜ ਪਈ ਹੈ ਕਿ ਭਾਜਪਾ ਰੈਲੀ ਲਈ ਭਰਵਾਂ ਇਕੱਠ ਨਹੀਂ ਜੁਟਾ ਸਕੀ ਜਿਸ ਕਰਕੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦਾ ਬਹਾਨਾ ਬਣਾ ਕੇ ਵਾਪਸ ਮੁੜਨਾ ਪਿਆ।