ਬਿਉਰੋ ਰਿਪੋਰਟ : SFJ ਦੇ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਦੇ ਬਾਅਦ ਕੈਨੇਡਾ ਹਿੰਦੂ ਸੰਗਠਨ ਨੇ ਜਸਟਿਨ ਟਰੂਡੋ ਸਰਕਾਰ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ । ਬੀਤੇ ਦਿਨੀ ਪੰਨੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਗਈ ਸੀ ਕਿ ਹਿੰਦੂ ਕੈਨੇਡਾ ਨੂੰ ਛੱਡ ਕੇ ਭਾਰਤ ਵਾਪਸ ਚੱਲੇ ਜਾਣ । ਪੰਨੂ ਦੇ ਇਸ ਬਿਆਨ ਤੋਂ ਬਾਅਦ ਹਿੰਦੂ ਫੋਰਮ ਕੈਨੇਡਾ ਨੇ ਇਸ ਦਾ ਨੋਟਿਸ ਲੈਂਦੇ ਹੋਏ ਜਸਟਿਨ ਟਰੂਡੋ ਦੀ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੀਬੈਲੈਂਸ਼ ਨੂੰ ਪੁੱਤਰ ਲਿਖਿਆ ਹੈ।
ਹਿੰਦੂ ਫੋਰਮ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਦੀ ਧਰਤੀ ‘ਤੇ ਇੰਡੋ ਕੈਨੇਡੀਅਨ ਹਿੰਦੂਆਂ ਨੂੰ ਧਮਕਾਉਣ ਅਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਚੱਲੇ ਜਾਣ ਨੂੰ ਕਹਿਣ ‘ਤੇ ਗੁਰਪਤਵੰਤ ਪੰਨੂ ਖਿਲਾਫ ਹੇਟ ਕ੍ਰਾਈਮ ਦੇ ਤਹਿਤ ਕਾਰਵਾਈ ਕੀਤੀ ਜਾਵੇ। ਪੱਤਰ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਅਤੇ ਸਰਕਾਰ ਨੂੰ ਹਮਾਇਤ ਦੇਣ ਵਾਲੀ ਪਾਰਟੀ NDP ਦੇ ਮੁੱਖੀ ਜਗਮੀਤ ਸਿੰਘ ਤੋਂ ਵੀ ਪੰਨੂ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ।
ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ ਬਿਆਨ
ਹਿੰਦੂ ਫੋਰਮ ਨੇ ਗੁਰਪਤਵੰਤ ਪੰਨੂ ਦੇ ਬਿਆਨ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕੈਨੇਡਾ ਦੀ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੀਬੈਲੈਂਸ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ NDP ਦੇ ਆਗੂ ਜਗਮੀਤ ਸਿੰਘ ਨੂੰ ਕਿਹਾ ਕਿ ਤੁਸੀਂ ਇਸ ਨੂੰ ਗੰਭੀਰਤਾ ਨਾਲ ਲਓ। ਇਹ ਕੈਨੇਡਾ ਵਿੱਚ ਰਹਿਣ ਵਾਲੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ। ਪੱਤਰ ਵਿੱਚ ਲਿਖਿਆ ਹੈ ਕਿ ਪੰਨੂ ਦਾ ਬਿਆਨ ਉਨ੍ਹਾਂ ਲੋਕਾਂ ਨੂੰ ਟਾਰਗੇਟ ਕਰਦਾ ਹੈ ਜੋ ਉਨ੍ਹਾਂ ਦੀ ਵਿਚਾਰਧਾਰਾ ਤੋਂ ਸਹਿਤਮ ਨਹੀਂ ਹਨ । ਹਿੰਦੂ ਫੋਰਮ ਨੇ ਪੱਤਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਤੰਜ ਵੀ ਕੱਸ ਦੇ ਹੋਏ ਲਿਖਿਆ ਹੈ ਕਿ ਸਰਕਾਰ ਪੰਨੂ ਦੇ ਬਿਆਨ ਨੂੰ ਵੀ ਬੋਲਣ ਦੀ ਅਜ਼ਾਦੀ ਦੇ ਰੂਪ ਵਿੱਚ ਲਏਗੀ । ਹਿੰਦੂ ਫੋਰਮ ਨੇ ਲਿਖਿਆ ਹੈ ਕਿ ਕੈਨੇਡਾ ਵਿੱਚ ਤਕਰੀਬਨ 10 ਲੱਖ ਹਿੰਦੂ ਪਰਿਵਾਰ ਰਹਿੰਦੇ ਹਨ। ਉਮੀਦ ਹੈ ਉਨ੍ਹਾਂ ਦੀ ਆਵਾਜ਼ ਨੂੰ ਸੁਣ ਦੇ ਹੋਏ ਇਸ ਮਾਮਲੇ ਵਿੱਚ ਸਰਕਾਰ ਕੋਈ ਫੈਸਲਾ ਲਏਗੀ।
ਹਿੰਦੂ ਅਤੇ ਸਿੱਖਾਂ ਵਿੱਚ ਲੜਾਈ ਕਰਵਾਉਣ ਦੀ ਕੋਸ਼ਿਸ਼
ਕੈਨੇਡਾ ਦੇ ਐੱਮਪੀ ਚੰਦਰ ਆਰਿਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਕਿਹਾ ਹੈ ਕਿ ਕੈਨੇਡਾ ਵਿੱਚ ਰਹਿਣ ਵਾਲੇ ਬਹੁਤ ਸਾਰੇ ਸਿੱਖ ਖਾਲਿਸਤਾਨੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ । ਕੈਨੇਡਾ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਬਿਆਨ ਦਿੱਤਾ ਹੈ ਉਸ ਨਾਲ ਹਿੰਦੂ ਭਾਈਚਾਰੇ ਵਿੱਚ ਡਰ ਦਾ ਵਾਤਾਵਰਣ ਬਣਿਆ ਹੈ ।