ਬਿਉਰੋ ਰਿਪੋਰਟ : 4 ਸਾਲ ਬਾਅਦ ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਆ ਰਹੇ ਪੰਜਾਬ ਦੇ ਅਮਨਪਾਲ ਦੀ ਮਾਪਿਆਂ ਨੂੰ ਮਿਲਣ ਦੀ ਚਾਹਤ ਇੱਕ ਜਨਮ ਵਿੱਚ ਬਦਲ ਗਈ । ਡੇਰਾ ਬਾਬਾ ਨਾਨਕ ਦੇ ਪਿੰਡ ਮਸਰਾਲਾ ਦਾ ਰਹਿਣ ਵਾਲਾ 24 ਸਾਲਾ ਅਮਨਪਾਲ ਸਿੰਘ 2019 ਵਿੱਚ ਕੈਨੇਡਾ ਸਟੱਡੀ ਵੀਜ਼ਾ ‘ਤੇ ਗਿਆ ਸੀ । ਪੰਜਾਬ ਪਰਤਣ ਦੇ ਲਈ ਉਹ ਸਮਾਨ ਪੈਕ ਕਰ ਹੀ ਰਿਹਾ ਸੀ ਕਿ ਅਚਾਨਕ ਉਸ ਦੇ ਦਿਮਾਗ਼ ਦੀ ਨੱਸ ਫੱਟ ਗਈ ਅਤੇ ਕੰਨ ਤੋਂ ਖ਼ੂਨ ਆਉਣ ਲੱਗਿਆ। ਜਦੋਂ ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਨਪਾਲ ਸਿੰਘ ਉਰਫ਼ ਗੋਪੀ ਸਟੱਡੀ ਵੀਜ਼ਾ ‘ਤੇ ਕੈਨੇਡਾ ਦੇ ਬਰੈਂਪਟਨ ਵਿੱਚ ਪੜਾਈ ਕਰਨ ਦੇ ਲਈ ਗਿਆ ਸੀ। 26 ਦਸੰਬਰ ਦੀ ਟਿਕਟ ਬੁੱਕ ਸੀ। ਭਾਰਤ ਆਉਣ ਦੇ ਲਈ ਉਸ ਨੇ ਆਪਣਾ ਸਮਾਨ ਪੈਕ ਕਰ ਲਿਆ ਸੀ ਪਰ 26 ਦਸੰਬਰ ਦੀ ਦੁਪਹਿਰ ਤਕਰੀਬਨ 1 ਵਜੇ ਅਚਾਨਕ ਉਸ ਦੇ ਦਿਮਾਗ਼ ਦੀ ਨੱਸ ਫੱਟ ਗਈ ਅਤੇ ਕੰਨ ਤੋਂ ਖੂਨ ਆਉਣ ਲੱਗਿਆ ਤਾਂ ਦੋਸਤਾਂ ਨੇ ਐਂਬੂਲੈਂਸ ਵਿੱਚ ਹਸਪਤਾਲ ਲੈ ਕੇ ਗਏ ।
ਪਰਿਵਾਰ ਦੀ ਸਰਕਾਰ ਨੂੰ ਅਪੀਲ
ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਮਦਦ ਕਰਨ। ਪਰਿਵਾਰ ਅਖੀਰਲੀ ਵਾਰ ਆਪਣੇ ਪੁੱਤਰ ਨੂੰ ਪਿੰਡ ਤੋਂ ਵਿਦਾ ਕਰਨਾ ਚਾਹੁੰਦਾ ਹੈ। ਮਾਪਿਆਂ ਨੂੰ ਹੁਣ ਯਕੀਨ ਨਹੀਂ ਹੋ ਰਿਹਾ ਹੈ ਕਿ ਜਿਸ ਪੁੱਤਰ ਦੇ ਆਉਣ ਦੀ ਖ਼ੁਸ਼ੀ ਵਿੱਚ ਉਹ ਘਰ ਵਿੱਚ ਤਿਆਰੀ ਕਰ ਰਹੇ ਸਨ ਹੁਣ ਸਫ਼ੇਦ ਕੱਪੜੇ ਵਿੱਚ ਲਾਸ਼ ਬਣ ਕੇ ਘਰ ਪਰਤੇਗਾ । ਪਿੰਡ ਵਾਲੇ ਜਵਾਨ ਪੁੱਤਰ ਦੀ ਮੌਤ ਦਾ ਅਫ਼ਸੋਸ ਕਰਨ ਦੇ ਲਈ ਘਰ ਪਹੁੰਚ ਰਹੇ ਹਨ । ਭਿੱਜੀ ਅੱਖਾਂ ਨਾਲ ਹਰ ਇੱਕ ਅੱਖ ਸਵਾਲ ਪੁੱਛ ਰਹੀ ਹੈ ।