ਅਮਰੀਕਾ ਵਿੱਚ 13%,ਬ੍ਰਿਟੇਨ ਵਿੱਚ 11% ਸਟੂਡੈਂਟ ਵੀਜ਼ਾ ਖਾਰਜ ਹੋਏ
‘ਦ ਖ਼ਾਲਸ ਬਿਊਰੋ : ਪਿਛਲੇ ਇੱਕ ਦਹਾਕੇ ਤੋਂ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਪੜ੍ਹਨ ਵਾਲੇ ਪੰਜਾਬੀ ਵਿਦਿਆਰਥੀਆਂ ਦਾ ਹੜ ਆ ਗਿਆ ਹੈ। ਵਿਦਿਆਰਥੀ ਨੂੰ ਉਮੀਦ ਹੁੰਦੀ ਹੈ ਕਿ ਪੜ੍ਹਾਈ ਤੋਂ ਬਾਅਦ ਉਹ ਕਿਸੇ ਕੰਪਨੀ ਵਿੱਚ ਅਸਾਨੀ ਨਾਲ ਨੌਕਰੀ ਲੱਗ ਜਾਣਗੇ ਪਰ ਹੁਣ ਆਸਟ੍ਰੇਲੀਆ ਅਤੇ ਕੈਨੇਡਾ ਸਰਕਾਰ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਪਿੱਛੇ ਕਈ ਕਾਰਨ ਹਨ।
ਵਿਦਿਆਰਥੀਆਂ ਦੇ ਦਸਤਾਵੇਜ਼ਾਂ ਵਿੱਚ ਗੜਬੜੀ
ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ ਅਤੇ ਕੈਨੇਡਾ ਜਾਣ ਦੇ ਲਈ ਵਿਦਿਆਰਥੀਆਂ ਹਨ ਜਿਹੜੇ ਦਸਤਾਵੇਜ਼ ਲਗਾਏ ਹਨ। ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਗੜਬੜੀ ਨਜ਼ਰ ਆਈ ਹੈ। ਇਸ ਵਿੱਚ ਫਰਜ਼ੀ ਬੈਂਕ ਸਟੇਟਮੈਂਟ,ਜਨਮ ਸਰਟੀਫਿਕੇਟ,ਐਜੁਕੇਸ਼ਨ ਗੈਪ ਨੂੰ ਲੈ ਕੇ ਤਿਆਰ ਫਰਜ਼ੀ ਦਸਤਾਵੇਜ਼ ਮੁਖ ਕਾਰਨ ਹੈ । ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ 600 ਤੋਂ ਵੱਧ ਫਰਜ਼ੀ ਮਾਮਲੇ ਫੜੇ ਹਨ।
ਉਧਰ ਕੈਨੇਡਾ ਦੇ ਹਾਈ ਕਮਿਸ਼ਨ ਵੱਲੋਂ ਸਾਲ ਵਿੱਚ 2500 ਅਜਿਹੇ ਲੋਕਾਂ ਨੂੰ ਫੜਿਆ ਹੈ ਜਿੰਨਾਂ ਨੇ ਕੈਨੇਡਾ ਆਉਣ ਦੇ ਲਈ ਫਰਜ਼ੀ ਦਸਤਾਵੇਜ਼ ਦਿੱਤੇ ਸਨ। ਨਿਊਜ਼ੀਲੈਂਡ,ਬ੍ਰਿਟੇਨ ਅਤੇ ਅਮਰੀਕੀ ਸਫਾਰਤਖ਼ਾਨੇ ਵੱਲੋਂ ਵੀ ਇਹ ਹੀ ਸ਼ਿਕਾਇਤ ਆ ਰਹੀ ਹੈ । ਕੈਨੇਡਾ ਵਿੱਚ ਵੀਜ਼ਾ ਰਿਜੈਕਸ਼ਨ 41% ਪਹੁੰਚ ਗਿਆ ਹੈ। ਕੋਵਿਡ ਤੋਂ ਪਹਿਲਾਂ ਇਹ 15% ਸੀ। ਮਾਹਿਰਾਂ ਮੁਤਾਬਿਕ ਇਸ ਦੇ ਪਿੱਛੇ ਕੋਵਿਡ ਵੀ ਵਜ੍ਹਾ ਹੈ ਕਿਉਂਕਿ 2 ਸਾਲ ਤੋਂ ਅਰਜ਼ੀਆਂ ਪੈਂਡਿੰਗ ਪਈਆਂ ਹਨ । ਸਿਟੀਜਨ ਅਤੇ ਇਮੀਗ੍ਰੇਸ਼ਨ ਐਂਡ ਸਟੈਂਡਿੰਗ ਕਮੇਟੀ ਦੀ ਰਿਪੋਰਟ ਮੁਤਾਬਿਕ ਸਟੱਡੀ ਵੀਜ਼ਾ ਦੇ ਲਈ 225,402 ਅਰਜ਼ੀਆਂ ਆਈਆਂ ਜਿੰਨਾਂ ਵਿੱਚੋਂ 91,439 ਖਾਰਜ ਕਰ ਦਿੱਤੀਆਂ ਗਈਆਂ ਯਾਨੀ 41% ਅਰਜ਼ੀਆਂ ਖਾਰਜ ਹੋਈਆਂ ।
ਵੀਜ਼ਾ ਮਨਜ਼ੂਰ ਨਾ ਹੋਣ ਦੇ ਕਾਰਨ
ਕੋਰਸ ਨੂੰ ਲੈ ਕੇ ਵੀਜ਼ਾ ਅਫਸਰ ਨੂੰ ਜੇਕਰ ਸ਼ੱਕ ਹੁੰਦਾ ਹੈ ਤਾਂ ਉਹ ਅਰਜ਼ੀ ਨੂੰ ਰੱਦ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਸ਼ੱਕ ਹੈ ਕਿ ਸਟੱਡੀ ਵੀਜ਼ਾ ਦੇ ਚੱਕਰ ਵਿੱਚ ਉਹ ਇਮੀਗ੍ਰੇਸ਼ਨ ਚਾਹੁੰਦਾ ਹੈ। ਭਾਰਤ ਵਿੱਚ ਕਾਮਰਸ, ਨਾਨ ਮੈਡੀਕਲ ਦੇ ਵਿਦਿਆਰਥੀ ਸਟੂਡੈਂਟ ਵੀਜ਼ਾ ਦੇ ਲਈ ਡਿਪਲੋਮਾ ਇਨ ਸੈਲੂਨ ਮੈਨੇਜਮੈਂਟ, ਫੂਡ ਕਰਾਫਟ ਵਰਗੇ ਹਲਕੇ ਕੋਰਸ ਲਈ ਅਰਜ਼ੀ ਦਿੰਦੇ ਹਨ। ਇਸ ਨਾਲ ਵੀਜ਼ਾ ਅਫਸਰ ਨੂੰ ਸ਼ੱਕ ਹੁੰਦਾ ਹੈ। ਜਦੋਂ ਸਵਾਲ ਪੁੱਛਿਆ ਜਾਂਦਾ ਹੈ ਤਾਂ ਸਹੀ ਜਵਾਬ ਨਾ ਮਿਲਣ ‘ਤੇ ਵੀਜ਼ਾ ਰੱਦ ਕਰ ਦਿੱਤਾ ਜਾਂਦਾ ਹੈ।
ਭਾਰਤ ਵਿੱਚ ਸਾਢੇ ਨੌ ਲੱਖ ਲੋਕ ਵੀਜ਼ਾ ਦੀ ਲਾਇਨ ਵਿੱਚ
ਭਾਰਤ ਵਿੱਚੋ 96,378 ਲੋਕਾਂ ਦਾ ਅਰਜ਼ੀ ਕੈਨੇਡਾ ਸਰਕਾਰ ਕੋਲ ਪ੍ਰੋਸੈਸਿੰਗ ਦੇ ਲਈ ਪੈਂਡਿੰਗ ਹੈ। 4,30,286 ਲੋਕਾਂ ਨੇ ਅਰਜੀ ਇਮੀਗ੍ਰੇਸ਼ਨ ਦੇ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਕੈਟਾਗਿਰੀ ਦੇ 9,56,950 ਅਰਜ਼ੀਆਂ 31 ਮਾਰਚ, 2022 ਤੱਕ ਕੈਨੇਡਾ ਸਰਕਾਰ ਕੋਲ ਪੈਂਡਿੰਗ ਹਨ। ਕੈਨੇਡਾ ਕੋਲ ਦੁਨੀਆ ਭਰ ਦੀਆਂ 25 ਲੱਖ ਅਰਜ਼ੀਆਂ ਪੈਂਡਿੰਗ ਹਨ।
ਆਸਟ੍ਰੇਲੀਆ ਵਿੱਚ 38 ਫੀਸਦੀ ਵੀਜ਼ਾ ਖਾਰਜ
ਕੈਨੇਡਾ ਵਿੱਚ 41 ਫ਼ੀਸਦੀ ਵੀਜ਼ਾ ਖਾਰਜ ਹੋਏ ਤਾਂ ਆਸਟ੍ਰੇਲੀਆ ਵਿੱਚ 38 ਫ਼ੀਸਦੀ, ਚੀਨ ਵਿੱਚ 17, ਅਮਰੀਕਾ ਵਿੱਚ 13,ਬ੍ਰਿਟੇਨ ਵਿੱਚ 11 ਫੀਸਦੀ ਸਟੂਡੈਂਟ ਵੀਜ਼ਾ ਖਾਰਜ ਹੋਏ। ਇਸ ਪਿੱਛੇ ਵੱਡਾ ਕਾਰਨ ਫਰਜ਼ੀ ਦਸਤਾਵੇਜ਼,ਅਸਾਨ ਕੋਰਸ ਦੇ ਜ਼ਰੀਏ ਇਮੀਗ੍ਰੇਸ਼ਨ ਹਾਸਲ ਕਰਨਾ ਹੈ।