ਨਵੀਂ ਦਿੱਲੀ : ਸਮਾਂ ਬਦਲਣ ਨਾਲ ਦੁਨੀਆ ਭਰ ‘ਚ ਹਰ ਚੀਜ਼ ਅਪਡੇਟ ਹੋ ਰਹੀ ਹੈ। ਜਿਸ ਕਾਰਨ ਡਿਕਸ਼ਨਰੀ ਦੇ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ। ਕੈਮਬ੍ਰਿਜ ਡਿਕਸ਼ਨਰੀ (Cambridge Dictionary Updates ) ਨੇ ਹਾਲ ਹੀ ਵਿੱਚ ਔਰਤ ਅਤੇ ਮਰਦ ਦੋਵਾਂ ਸ਼ਬਦ ਦੇ ਅਰਥ ਬਦਲ ਦਿੱਤੇ ਹਨ। ਡਿਕਸ਼ਨਰੀ ਦੇ ਅਨੁਸਾਰ, ਜਨਮ ਸਮੇਂ ਇੱਕ ਨਵਜੰਮੇ ਬੱਚੇ ਦੇ ਲਿੰਗ ਦੇ ਆਧਾਰ ਉੱਤੇ ਨਹੀਂ ਬਲਕਿ ਉਸਦੀ ਜੀਵਨ ਸ਼ੈਲੀ ਅਤੇ ਜੀਵਨ ਢੰਗ ‘ਤੇ ਹੀ ਉਸਦੀ ਪਛਾਣ ਔਰਤ ਜਾਂ ਮਰਦ ਵਜੋਂ ਹੋਵੇਗੀ।
ਕੈਮਬ੍ਰਿਜ ਡਿਕਸ਼ਨਰੀ ਨੇ ‘ਔਰਤ’ ਅਤੇ ‘ਮਰਦ’ ਦੀ ਪਰਿਭਾਸ਼ਾ ਦਾ ਵਿਸਤਾਰ ਕੀਤਾ ਹੈ ਤਾਂ ਜੋ ਉਹਨਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਆਪਣੇ ਆਪ ਨੂੰ ‘ਔਰਤ’ ਵਜੋਂ ਦਰਸਾਉਂਦੇ ਹਨ, ਭਾਵੇਂ ਉਹ ਜਨਮ ਸਮੇਂ ਉਹਨਾਂ ਦੇ ਲਿੰਗ ਦੇ ਰੂਪ ਵਿੱਚ ਮਰਦ ਵਜੋਂ ਪਛਾਣਦੇ ਹਨ। ਇਸ ਪਰਿਭਾਸ਼ਾ ਦੇ ਨਾਲ-ਨਾਲ ਉਸ ਨੇ ਦੋ ਉਦਾਹਰਣਾਂ ਵੀ ਦਿੱਤੀਆਂ ਹਨ।
ਪਹਿਲਾਂ, “ਉਹ ਸਰਕਾਰੀ ਦਫਤਰ ਲਈ ਚੁਣੀ ਗਈ ਪਹਿਲੀ ਟ੍ਰਾਂਸ ਔਰਤ ਸੀ।” ਦੂਸਰਾ- “ਮੈਰੀ ਇੱਕ ਅਜਿਹੀ ਔਰਤ ਹੈ, ਜਿਸਦੀ ਪਛਾਣ ਜਨਮ ਸਮੇਂ ਮਰਦ ਵਜੋਂ ਕੀਤੀ ਗਈ ਸੀ।”
ਤੁਹਾਨੂੰ ਦੱਸ ਦੇਈਏ ਕਿ ਕੈਂਬ੍ਰਿਜ ਡਿਕਸ਼ਨਰੀ ਆਪਣੀ ਪਰਿਭਾਸ਼ਾ ਬਦਲਣ ਵਾਲੀ ਪਹਿਲੀ ਡਿਕਸ਼ਨਰੀ ਨਹੀਂ ਹੈ। ਜੁਲਾਈ ਵਿੱਚ, ਮੈਰਿਅਮ-ਵੈਬਸਟਰ ਨੇ ‘ਔਰਤ’ ਸ਼ਬਦ ਦੀ ਦੂਜੀ ਪਰਿਭਾਸ਼ਾ ਜੋੜੀ। ਇਸ ਅਨੁਸਾਰ, “ਪੁਰਸ਼ ਦੇ ਉਲਟ ਲਿੰਗ ਪਛਾਣ ਰੱਖਣ ਵਾਲੇ” ਸਾਰੇ ਲੋਕ ‘ਔਰਤ’ ਹਨ।
ਕੈਮਬ੍ਰਿਜ ਡਿਕਸ਼ਨਰੀ ਨੇ ਵੀ ‘ਮੈਨ’ ਦੀ ਆਪਣੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਹੈ। ਹੁਣ ਇਹ ਸ਼ਬਦਕੋਸ਼ ਕਹਿੰਦਾ ਹੈ ਕਿ ਇੱਕ ਮੈਨ “ਇੱਕ ਅਜਿਹਾ ਅਡਲਟ ਵੀ ਹੋ ਸਕਦਾ ਹੈ, ਜਿਹੜਾ ਆਦਮੀ ਦੀ ਤਰ੍ਹਾਂ ਰਹਿੰਦਾ ਹੈ ਅਤੇ ਪਛਾਣਿਆਂ ਜਾਂਦਾ ਹੋਵੇ, ਬੇਸ਼ਕ ਜਨਮ ਸਮੇਂ ਉਸਦੇ ਲਿੰਗ ਦੀ ਪਛਾਣ ਕੋਈ ਹੋਰ ਹੋਵੇ।
ਇਹ ਤਬਦੀਲੀਆਂ ਅਕਤੂਬਰ ਵਿੱਚ ਕੀਤੀਆਂ ਗਈਆਂ ਸਨ, ਹਾਲਾਂਕਿ ਇਹ ਹਾਲ ਹੀ ਵਿੱਚ ਦਿ ਟੈਲੀਗ੍ਰਾਫ ਦੁਆਰਾ ਰਿਪੋਰਟ ਕੀਤੇ ਜਾਣ ਤੋਂ ਬਾਅਦ ਹੀ ਸਾਹਮਣੇ ਆਈਆਂ ਸਨ।
ਡਿਕਸ਼ਨਰੀ ਦੀ ਨਵੀਨਤਮ ਬਦਲੀ ਗਈ ਪਰਿਭਾਸ਼ਾ ਦਾ ਜਵਾਬ ਦਿੰਦੇ ਹੋਏ, ਬਿਉਮੋਂਟ ਸੋਸਾਇਟੀ ਚੈਰਿਟੀ ਦੇ ਪ੍ਰਧਾਨ ਡਾ ਜੇਨ ਹੈਮਲਿਨ ਨੇ ਕਿਹਾ: “ਇਹ ਸ਼ਾਨਦਾਰ ਖ਼ਬਰ ਹੈ।” ਉਨ੍ਹਾਂ ਨੇ ਕਿਹਾ, “ਹਾਲ ਹੀ ਵਿੱਚ ‘ਮਰਦ’ ਅਤੇ ‘ਔਰਤ’ ਦੀਆਂ ਪਰਿਭਾਸ਼ਾਵਾਂ ਬਾਰੇ ਬਹੁਤ ਸਾਰੀਆਂ ਬਕਵਾਸ ਲਿਖੀਆਂ ਗਈਆਂ ਹਨ, ਪਰ ਇਹ ਪਰਿਭਾਸ਼ਾਵਾਂ ਸਪਸ਼ਟ, ਸੰਖੇਪ ਅਤੇ ਸਹੀ ਹਨ। ਕੈਮਬ੍ਰਿਜ ਡਿਕਸ਼ਨਰੀ ਟੀਮ ਨੂੰ ਵਧਾਈ!”