‘ਦ ਖ਼ਾਲਸ ਬਿਊਰੋ : ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਵਿੱਚ 12 ਅਪਰੈਲ ਨੂੰ ਕੈਬ-ਆਟੋ ਸੰਯੁਕਤ ਮੋਰਚੇ ਨੇ ਟਰਾਈਸਿਟੀ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਫਰੰਟ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਆਟੋ ਕੈਬ ਚਾਲਕਾਂ ਦਾ ਕਹਿਣਾ ਹੈ ਕਿ ਪੈਟਰੌਲ, ਡੀਜ਼ਲ ਤੇ ਸੀਐਨਜੀ ਦੇ ਰੇਟ ਵਧਣ ਕਾਰਨ ਉਨ੍ਹਾਂ ਨੂੰ ਪਰਿਵਾਰ ਪਾਲਣੇ ਔਖੇ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਟੋ-ਕੈਬ ਦੇ ਰੇਟ ਵਧਾਉਣ ਦਾ ਨੋਟੀਫਿਕੇਸ਼ਨ ਤਾਂ ਕੱਢ ਦਿੰਦਾ ਹੈ, ਪਰ ਉਸ ਰੇਟ ਨੂੰ ਲਾਗੂ ਨਹੀਂ ਕਰਦਾ। ਕੈਬ ਕੰਪਨੀਆਂ ਵੀ ਰੇਟ ਵਧਾਉਣ ਤੋਂ ਗੁਰੇਜ਼ ਕਰ ਰਹੀਆਂ ਹਨ।ਅਜਿਹੇ ‘ਚ ਆਟੋ-ਕੈਬ ਚਾਲਕਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ।
ਇਸ ਲਈ 12 ਅਪਰੈਲ ਨੂੰ ਟਰਾਈਸਿਟੀ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਇਸ ਪ੍ਰਦਰਸ਼ਨ ਤੋਂ ਬਾਅਦ ਵੀ ਆਟੋ-ਕੈਬ ਡਰਾਈਵਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਜਾਵੇਗਾ। ਮੋਰਚੇ ਦੇ ਅਧਿਕਾਰੀਆਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਹੋਣ ਵਾਲਾ ਪ੍ਰਦਰਸ਼ਨ ਸੰਕੇਤਕ ਅਤੇ ਸ਼ਾਂਤਮਈ ਹੋਵੇਗਾ। ਸੈਂਕੜੇ ਡਰਾਈਵਰ ਵੀ ਐਸਟੀਏ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਗੇ।