International

ਗੱਦੀਓਂ ਲਾਹ ਦਿੱਤੇ ਇਮਰਾਨ ਖਾਨ, ਵਿਦੇਸ਼ ਜਾਣ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਕੌਮੀ ਅਸੈਂਬਲੀ ਦੇ ਸਪੀਕਰ ਤੇ ਡਿਪਟੀ ਸਪੀਕਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਕੌਮੀ ਅਸੈਂਬਲੀ ਵਿਚ ਅਵਿਸ਼ਵਾਸ ਪ੍ਰਸਤਾਵ ’ਤੇ ਵੋਟਿੰਗ ਮੁਕੰਮਲ ਹੋ ਗਈ ਹੈ । ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸੰਸਦ ‘ਚ ਇਮਰਾਨ ਖਾਨ ਦੇ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਈ। ਇਸ ਦੌਰਾਨ ਇਮਰਾਨ ਖਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟਾਂ ਪਈਆਂ।

ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੇ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ। ਇਸ ਨਾਲ ਇਮਰਾਨ ਖਾਨ ਦੀ ਸਿਆਸੀ ਪਾਰੀ ਦਾ ਅੰਤ ਹੋ ਗਿਆ ਹੈ। ਇਮਰਾਨ ਖਾਨ ਦੇ ਦੇਸ਼ ਛੱਡਣ ’ਤੇ ਰੋਕ ਲਾ ਦਿੱਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ ਵਿਚ ਇਮਰਾਨ ਖ਼ਿਲਾਫ਼ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ ਜਿਸ ’ਤੇ 11 ਨੂੰ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਸ਼ਾਹਬਾਜ਼ ਸ਼ਰੀਫ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਵਿਚ ਹਵਾਈ ਅੱਡਿਆਂ ਤੇ ਹਸਪਤਾਲਾਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ ਤੇ ਪੁਲੀਸ ਵਾਲਿਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਮੰਗ ਦੇ ਮੱਦੇਨਜ਼ਰ ਇਮਰਾਨ ਖਾਨ ਦੇ ਸਮਰਥਕ ਸੜਕਾਂ ’ਤੇ ਆ ਗਏ ਹਨ। 

ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਪਾਰਟੀਆਂ ਨੂੰ 342 ਮੈਂਬਰੀ ਸਦਨ ‘ਚ 172 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟਾਂ ਪਈਆਂ। ਵੋਟਿੰਗ ਤੋਂ ਬਾਅਦ ਸਦਨ ਵਿੱਚ ਵਿਰੋਧੀ ਪਾਰਟੀਆਂ ਨੇ ਜੱਫੀ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਨਾਅਰੇਬਾਜ਼ੀ ਕੀਤੀ।