‘ਦ ਖ਼ਾਲਸ ਬਿਊਰੋ : ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਟੌਲ ਪਲਾਜ਼ਾ ਕਾਲਾਝਾੜ ਵੱਲੋਂ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਕਥਿਤ ਤੌਰ ’ਤੇ ਮੁਹੱਈਆ ਨਾ ਕਰਾਉਣ ਦੇ ਰੋਸ ਵਜੋਂ ਅੱਜ ਇਕ ਦਿਨ ਲਈ ਪਰਚੀ ਮੁਕਤ ਕੀਤਾ। ਉਨ੍ਹਾਂ ਟੌਲ ਪਲਾਜ਼ਾ ਮੈਂਟੀਨੈਂਸ ਅਥਾਰਟੀ ਨੂੰ ਸਾਰੀਆਂ ਸਹੂਲਤਾਂ 20 ਦਿਨਾਂ ਅੰਦਰ ਲਾਗੂ ਕਰਨ ਦਾ ਅਲਟੀਮੇਟਮ ਦਿੱਤਾ।
ਇਸ ਮੌਕੇ ਵਿਧਾਇਕ ਭਰਾਜ ਨੇ ਅੱਜ ਟੌਲ ਪਲਾਜ਼ਾ ਕਾਲਾਝਾੜ ਵਿਖੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਦੇ ਦੌਰੇ ਦੌਰਾਨ ਪ੍ਰਬੰਧਕਾਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ 15 ਅਪਰੈਲ ਤੱਕ ਮੁੱਖ ਮਾਰਗ ਦੀ ਮੁਰੰਮਤ ਕਰਨ, ਲਾਈਟਾਂ ਅਤੇ ਸੜਕ ਹਾਦਸੇ ਦੌਰਾਨ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਆਦਿ ਵਰਗੀਆਂ ਲੋਕਾਂ ਜ਼ਰੂਰੀ ਸਹੂਲਤਾਂ ਲੋਕਾਂ ਨੂੰ ਨਾ ਦਿੱਤੀਆਂ ਗਈਆਂ ਤਾਂ ਉਹ ਟੌਲ ਪਲਾਜ਼ਾ ਕਾਲਾਝਾੜ ਨੂੰ ਪਰਚੀ ਮੁਕਤ ਕਰਨ ਦਾ ਕਦਮ ਉਠਾਉਣ ਲਈ ਮਜਬੂਰ ਹੋਣਗੇ।
ਉਨ੍ਹਾਂ ਦੱਸਿਆ ਕਿ ਮਿਆਦ ਖਤਮ ਹੋਣ ਦੇ ਬਾਵਜੂਦ ਅਜੇ ਤੱਕ ਵੀ ਅਥਾਰਟੀ ਵੱਲੋਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਵਿਧਾਇਕ ਭਰਾਜ ਵੱਲੋਂ ਖੁਦ ਟੌਲ ਪਲਾਜ਼ਾ ਦੇ ਬੈਰੀਕੇਡ ਖੋਲਕੇ ਇੱਕ ਦਿਨ ਲਈ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰ ਦਿੱਤਾ। ਇਸ ਉਪਰੰਤ ਸਾਰੇ ਵਾਹਨ ਪਰਚੀ ਕਟਾਉਣ ਤੋਂ ਬਿਨਾਂ ਹੀ ਜਾਣ ਲੱਗ ਪਏ। ਮੈਨੇਜਮੈਂਟ ਅਥਾਰਟੀ ਦੇ ਨੁਮਾਇੰਦੇ ਨਾਸੁਰ ਖਾਂ ਨਾਲ ਗੱਲਬਾਤ ਕਰਦਿਆਂ ਸਹੂਲਤਾਂ ਲਾਗੂ ਨਾ ਕਰਨ ਖਿਲਾਫ ਤਿੱਖਾ ਰੋਸ ਜਾਹਰ ਕਰਦਿਆਂ ਕਿਹਾ ਕਿ ਜੇ 20 ਦਿਨਾਂ ਅੰਦਰ ਸਹੂਲਤਾਂ ਲਾਗੂ ਨਾ ਕੀਤੀਆਂ ਤਾਂ ਟੌਲ ਪਲਾਜ਼ਾ ਕਾਲਾਝਾੜ ਨੂੰ ਪੱਕੇ ਤੌਰ ’ਤੇ ਪਰਚੀ ਮੁਕਤ ਕੀਤਾ ਜਾਵੇਗਾ।