India

ਕਾਰਾ ਕਰਕੇ ਬੜੀ ਆਸਾਨੀ ਨਾਲ ਪਹੁੰਚ ਜਾਂਦਾ ਸੀ ਅਮਰੀਕਾ, ਇਸ ਤਰਾਂ ਕਾਬੂ ਆਇਆ ਸੀ ਮੁੱਕੇਬਾਜ਼

ਨਵੀਂ ਦਿੱਲੀ : ਦਸ ਕਤਲਾਂ ਦਾ ਮੁਲਜ਼ਮ ਅਤੇ ਗੋਗੀ ਗੈਂਗ ਦਾ ਮਾਸਟਰਮਾਈਂਡ ਦੀਪਕ ਬਾਕਸਰ ਨੂੰ ਇੱਕ ਗਲਤੀ ਹੀ ਭਾਰੀ ਪੈ ਗਈ। ਹੁਣ ਪੁਲਿਸ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਕਿਸ ਤਰਾਂ ਅੜਿੱਕੇ ਆਇਆ। ਦੱਸਿਆ ਜਾ ਰਿਹਾ ਹੈ ਕਿ ਉਹ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਮੈਕਸੀਕੋ ਦੇ ਮੋਬਾਈਲ ਨੰਬਰ ਦੀ ਵਰਤੋਂ ਕਰ ਰਿਹਾ ਸੀ। ਉਸ ਨੇ ਇਹ ਨੰਬਰ ਇੱਕ ਵਿਅਕਤੀ ਦੀ ਅਸਲ ਆਈਡੀ ‘ਤੇ ਲਿਆ ਸੀ, ਪਰ ਉਹ ਫ਼ੋਨ ਵਿੱਚੋਂ ਭਾਰਤੀ ਸਿਮ ਕੱਢਣਾ ਭੁੱਲ ਗਿਆ। ਉਸ ਨੇ ਭਾਰਤੀ ਸਿਮ ਤੋਂ ਡੇਟਾ ਵਰਤਿਆ ਅਤੇ ਇਹ ਗਲਤੀ ਉਸ ਨੂੰ ਮਹਿੰਗੀ ਪਈ।

ਦੀਪਕ  ‘ਤੇ ਇਹ ਵੱਡੇ ਇਲਜ਼ਾਮ

ਦੀਪਕ ‘ਤੇ ਫਿਰੌਤੀ, ਕਤਲ, ਅਗਵਾ ਦੇ 10 ਮਾਮਲੇ ਦਰਜ ਹਨ। ਤਿੰਨ ਰਾਜਾਂ ਦੀ ਪੁਲਿਸ ਨੇ ਉਸ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ। 15 ਅਪ੍ਰੈਲ ਨੂੰ ਪਟਿਆਲਾ ਹਾਊਸ ਕੋਰਟ ਨੇ ਦੀਪਕ ਨੂੰ 14 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ।

ਦਿੱਲੀ ਪੁਲਿਸ ਨੇ ਇਸ ਗੈਂਗਸਟਰ ਨੂੰ ਫੜਨ ਲਈ 8 ਮਹੀਨੇ ਤੱਕ ਮੁਹਿੰਮ ਚਲਾਈ। ਐਫਬੀਆਈ, ਇੰਟਰਪੋਲ ਅਤੇ ਮੈਕਸੀਕਨ ਪੁਲਿਸ ਸਮੇਤ 10 ਏਜੰਸੀਆਂ ਨੇ ਮਿਲ ਕੇ ਉਸ ਨੂੰ 24 ਮਾਰਚ ਨੂੰ ਮੈਕਸੀਕੋ ਤੋਂ ਫੜਿਆ ਸੀ। ਫਿਰ 5 ਅਪ੍ਰੈਲ ਨੂੰ ਇਸ ਨੂੰ ਭਾਰਤ ਲਿਆਂਦਾ ਗਿਆ। ਦੀਪਕ ਭਾਰਤੀ ਏਜੰਸੀਆਂ ਤੋਂ ਬਚਣ ਲਈ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦੀਪਕ ਬਾਕਸਰ ਪਾਸਪੋਰਟ, ਮੋਬਾਈਲ ਡਾਟਾ ਲੈ ਕੇ ਫਸਿਆ

ਦੀਪਕ ਬਾਕਸਰ ਨੇ ਭਾਰਤ ਤੋਂ ਭੱਜਣ ਲਈ ਮੁਰਾਦਾਬਾਦ ਦੇ ਰਹਿਣ ਵਾਲੇ ਰਵੀ ਅੰਤਿਲ ਦੇ ਨਾਂ ‘ਤੇ ਫਰਜ਼ੀ ਪਾਸਪੋਰਟ ਬਣਾਇਆ ਸੀ। ਉਸਦਾ ਪਾਸਪੋਰਟ 19 ਦਸੰਬਰ 2022 ਨੂੰ ਜਾਰੀ ਕੀਤਾ ਗਿਆ ਸੀ। ਉਹ ਪਹਿਲਾਂ ਕੋਲਕਾਤਾ ਗਿਆ, 6 ਜਨਵਰੀ 2023 ਨੂੰ ਉੱਥੋਂ ਰਵਾਨਾ ਹੋਇਆ ਅਤੇ 29 ਜਨਵਰੀ ਨੂੰ ‘ਡੌਂਕੀ ਰੂਟ’ ਯਾਨੀ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਪਹੁੰਚਿਆ।

ਦੀਪਕ ਦਾ ਨਾਂ ਕਈ ਵੱਡੇ ਮਾਮਲਿਆਂ ‘ਚ ਸਾਹਮਣੇ ਆਇਆ ਸੀ

ਗੈਂਗਸਟਰ ਦੀਪਕ ਬਾਕਸਰ ਦਿੱਲੀ ਦੇ ਬਿਲਡਰ ਅਮਿਤ ਗੁਪਤਾ ਦੇ ਕਤਲ ਕੇਸ ਦਾ ਮੁੱਖ ਮੁਲਜ਼ਮ ਹੈ। ਦਿੱਲੀ ਪੁਲਿਸ ਤੋਂ ਇਲਾਵਾ ਕਈ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਸਨ। ਉੱਤਰੀ ਦਿੱਲੀ ਦੇ ਸਿਵਲ ਲਾਈਨ ਇਲਾਕੇ ‘ਚ ਅਮਿਤ ਗੁਪਤਾ ਦੀ ਹੱਤਿਆ ਕਰ ਦਿੱਤੀ ਗਈ ਸੀ।

ਸਾਲ 2021 ਵਿੱਚ, ਉਸਨੇ ਜੀਟੀਬੀ ਹਸਪਤਾਲ ਵਿੱਚ ਪੁਲਿਸ ਉੱਤੇ ਹਮਲਾ ਕੀਤਾ ਅਤੇ ਗੈਂਗਸਟਰ ਕੁਲਦੀਪ ਉਰਫ਼ ਫੱਜਾ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ। ਹਾਲਾਂਕਿ, ਕੁਲਦੀਪ 72 ਘੰਟਿਆਂ ਬਾਅਦ ਹੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਦੀਪਕ ਬਾਕਸਰ ਨੇ ਸਤੰਬਰ 2021 ਵਿੱਚ ਰੋਹਿਣੀ ਅਦਾਲਤ ਵਿੱਚ ਗੈਂਗਸਟਰ ਜਤਿੰਦਰ ਗੋਗੀ ਦੀ ਹੱਤਿਆ ਕਰਨ ਦਾ ਇਲਜ਼ਾਮ ਸੀ। ਇਸ ਤੋਂ ਬਾਅਦ ਉਹ ਗੋਗੀ ਦੀ ਥਾਂ ਗੈਂਗ ਦਾ ਮੁਖੀ ਬਣ ਗਿਆ। ਇਹ ਦੀਪਕ ਹੀ ਸੀ ਜਿਸ ਨੇ ਗੋਗੀ ਨੂੰ 2016 ‘ਚ ਹਰਿਆਣਾ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਕਰਵਾਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗਨੋਰ ਪਿੰਡ ਦਾ ਦੀਪਕ ਸਿਰਫ਼ 15 ਸਾਲ ਦੀ ਉਮਰ ਵਿੱਚ ਮੁੱਕੇਬਾਜ਼ੀ ਦੇ 57 ਕਿਲੋ ਵਰਗ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨ ਬਣਿਆ। ਦੀਪਕ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਕੋਚ ਸਭ ਨੇ ਸੋਚਿਆ ਕਿ ਉਹ ਓਲੰਪਿਕ ‘ਚ ਸੋਨ ਤਮਗਾ ਲੈ ਕੇ ਆਵੇਗਾ। ਇਹ ਦੀਪਕ ਬਾਅਦ ਵਿੱਚ ਦੀਪਕ ਬਾਕਸਰ ਬਣ ਗਿਆ, ਜੋ ਗੋਗੀ ਗੈਂਗ ਦਾ ਮਾਸਟਰਮਾਈਂਡ ਸੀ। ਉਸ ‘ਤੇ 10 ਕਤਲਾਂ ਦਾ ਦੋਸ਼ ਹੈ।