ਦਿੱਲੀ : ਕੱਲ੍ਹ ਸਵੇਰੇ ਦਿੱਲੀ-ਐਨਸੀਆਰ ਦੇ ਕਰੀਬ 100 ਸਕੂਲਾਂ ਨੂੰ ਬੰਬ ਦੀ ਧਮਕੀ ਦਿੱਤੀ ਗਈ। ਇਸ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਫਾਇਰ ਇੰਜਨ ਅਤੇ ਐਂਬੂਲੈਂਸ ਸਾਰੇ ਸਕੂਲਾਂ ਵਿੱਚ ਪਹੁੰਚ ਗਈ। ਸਕੂਲਾਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੰਬ ਦੀ ਭਾਲ ਕੀਤੀ। ਦੁਪਹਿਰ ਬਾਅਦ ਪੁਲਿਸ ਨੇ ਦੱਸਿਆ ਕਿ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ ਫਰਜ਼ੀ ਹੈ।
ਪੁਲਿਸ ਅਨੁਸਾਰ ਸਾਰੇ ਸਕੂਲਾਂ ਵਿੱਚ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਹੈ, ਪਰ ਕੁਝ ਨਹੀਂ ਮਿਲਿਆ। ਪੁਲਿਸ ਨੇ ਸੰਭਾਵਨਾ ਜਤਾਈ ਹੈ ਕਿ ਮੁਲਜ਼ਮਾਂ ਨੇ ਇਹ ਮੇਲ ਡਾਰਕ ਨੈੱਟ ਰਾਹੀਂ ਭੇਜੀ ਹੈ, ਜਿਸ ਕਰਕੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਦਿੱਲੀ ਪੁਲਿਸ ਮੁਤਾਬਕ ਇਹ ਧਮਕੀ ਇਕ ਹੀ ਈ-ਮੇਲ ਤੋਂ ਭੇਜੀ ਗਈ ਹੈ। ਇਹ ਈ-ਮੇਲ ਸਵੇਰੇ 5:36 ਵਜੇ ਰੂਸੀ ਸਰਵਰ ਤੋਂ ਭੇਜੀ ਗਈ ਸੀ। ਪੁਲਿਸ ਨੇ ਕਿਹਾ ਕਿ ਹਰ ਮੇਲ ਦੀ ਸਮੱਗਰੀ ਇੱਕੋ ਜਿਹੀ ਸੀ ਅਤੇ ਇਹ sawariim@mail.ru ਮੇਲ ਆਈਡੀ ਤੋਂ ਭੇਜੀ ਗਈ ਸੀ।
100 ਸਕੂਲਾਂ ਨੂੰ ਭੇਜੀ ਗਈ ਮੇਲ – ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਡੀਪੀਐਸ ਰੋਹਿਣੀ, ਗ੍ਰੀਨ ਵੈਲੀ ਨਜਫਗੜ੍ਹ, ਡੀਏਵੀ ਪੀਤਮਪੁਰਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਦੇ ਨਾਮ ਸਾਹਮਣੇ ਆਏ ਹਨ।
ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਜਿਸ ਈਮੇਲ ਰਾਹੀਂ ਸਕੂਲਾਂ ਨੂੰ ਧਮਕੀ ਦਿੱਤੀ ਗਈ ਸੀ, ਉਸ ‘ਚ ‘ਸਵਰਾਯਮ’ ਸ਼ਬਦ ਸ਼ਾਮਲ ਸੀ, ਜੋ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸਲਾਮਿਕ ਸਟੇਟ 2014 ਤੋਂ ਇਸ ਸ਼ਬਦ ਦੀ ਵਰਤੋਂ ਕਰ ਰਿਹਾ ਹੈ। ਇਸ ਸ਼ਬਦ ਦਾ ਅਰਥ ਹੈ ਤਲਵਾਰਾਂ ਦਾ ਟਕਰਾਅ।