Punjab

ਕਪੂਰਥਲਾ ‘ਚ ਸ਼ੱਕੀ ਹਲਾਤਾਂ ‘ਚ ਮਿਲੇ 2 ਨੌਜਵਾਨ , ਇੱਕ ਬਾਈਕ ਅਤੇ ਫ਼ੋਨ ਵੀ ਹੋਇਆ ਬਰਾਮਦ , ਪੁਲਿਸ ਨੇ ਜਿਤਾਇਆ ਇਹ ਸ਼ੱਕ

ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਦੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵਾਂ ਦੀਆਂ ਲਾਸ਼ਾਂ ਹਮੀਰਾ ਫਲਾਈਓਵਰ ਦੇ ਹੇਠਾਂ ਖੇਤਾਂ ‘ਚ ਵੱਖ-ਵੱਖ ਥਾਵਾਂ ‘ਤੇ ਪਈਆਂ ਮਿਲੀਆਂ ਹਨ। ਇਨ੍ਹਾਂ ਲਾਸ਼ਾਂ ਦੇ ਕੋਲੋਂ ਇੱਕ ਬਾਈਕ ਅਤੇ ਫ਼ੋਨ ਵੀ ਬਰਾਮਦ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਿਤ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਭੁਲੱਥ ਤੋਂ ਡੀਐਸਪੀ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੋਗਰਾਂਵਾਲ ਤੋਂ ਹਮੀਰਾ ਵਿਚਕਾਰ ਵਿਰਾਸਤੀ ਹਵੇਲੀ ਨੇੜੇ ਪੁਲ ਹੇਠਾਂ ਖੇਤਾਂ ਵਿੱਚ ਕੱਚੇ ਰਸਤੇ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਉੱਥੇ ਦੋ ਲਾਸ਼ਾਂ ਪਈਆਂ ਸਨ, ਜਿਨ੍ਹਾਂ ‘ਚੋਂ ਇਕ ਨੌਜਵਾਨ ਸਰਦਾਰ ਦੀ ਸੀ ਅਤੇ ਉਸ ਦੇ ਵਾਲ ਖੁੱਲ੍ਹੇ ਹੋਏ ਸਨ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਬਿਕਰਮ ਸਿੰਘ ਅਤੇ ਸਤਪਾਲ ਸਿੰਘ ਵਾਸੀ ਰਾਏਪੁਰ ਪੀਰਬਖਸ਼ਵਾਲਾ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਬਿਕਰਮ ਸਿੰਘ ਪਹਿਲਾਂ ਵੀ ਨਸ਼ਾ ਕਰਦਾ ਸੀ। ਉਸ ਕੋਲ ਨਸ਼ਾ ਛੁਡਾਊ ਕੇਂਦਰ ਦਾ ਕਾਰਡ ਹੈ, ਜਿੱਥੋਂ ਉਹ ਨਸ਼ਾ ਛੁਡਾਉਣ ਲਈ ਗੋਲੀਆਂ ਖਾਂਦਾ ਸੀ, ਪਰ ਦੂਜੇ ਨੌਜਵਾਨ ਸਤਪਾਲ ਸਿੰਘ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਮ੍ਰਿਤਕ ਬਿਕਰਮ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਉਸ ਦਾ ਗੁਆਂਢੀ ਹੈ। ਦੋਵੇਂ ਸਵੇਰੇ 11 ਵਜੇ ਘਰੋਂ ਨਿਕਲੇ ਸਨ, ਜਿਸ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਉਸ ਦੇ ਮੋਬਾਈਲ ਵੀ ਬੰਦ ਆ ਰਹੇ ਸਨ। ਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਪੁਲ ਦੇ ਹੇਠਾਂ ਖੜ੍ਹੀ ਰਹਿੰਦੀ ਹੈ ਅਤੇ ਦੂਜਾ ਪਾਸੇ ਹਮੀਰਾ ਵਿੱਚ ਦੋ ਘਰਾਂ ਵਿੱਚ ਖੁੱਲ੍ਹੇਆਮ ਨਸ਼ਾ ਵੇਚਿਆ ਜਾਂਦਾ ਹੈ ਪਰ ਪੁਲਿਸ ਸਿਰਫ਼ ਗੇੜੇ ਮਾਰ ਕੇ ਮੁੜ ਜਾਂਦੀ ਹੈ।

ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਦਿੱਤਾ ਹੈ। ਜਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ, ਉਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਦੀ ਮੌਤ ਜ਼ਿਆਦਾ ਨਸ਼ਾ ਕਰਨ ਜਾਂ ਨਸ਼ਾ ਨਾ ਮਿਲਣ ਕਾਰਨ ਹੋਈ ਹੈ। ਬਾਕੀ ਸਹੀ ਤੱਥ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਉਣਗੇ।