ਅੰਮ੍ਰਿਤਸਰ : ਪੰਜਾਬ ਵਿਚ ਨੌਜਵਾਨ ਦਿਨੋ-ਦਿਨ ਨਸ਼ਿਆਂ ‘ਚ ਰੁਲਦੇ ਜਾ ਰਹੇ ਹਨ। ਸੂਬੇ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ ਜਿਸ ਕਾਰਨ ਨੌਜਵਾਨ ਇਸ ਦਲਦਲ ਵਿੱਚ ਪੈ ਜਾਂਦੇ ਹਨ ਅਤੇ ਲੱਖਾਂ ਰੁਪਏ ਨਸ਼ਿਆਂ ਵਿੱਚ ਬਰਬਾਦ ਕਰ ਦਿੰਦੇ ਹਨ।
ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ਿਆਂ ਵਿੱਚ ਫਸੇ ਇੱਕ ਨੌਜਵਾਨ ਨੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ। ਨਸ਼ਿਆਂ ਵਿੱਚ ਫਸ ਕੇ ਪੰਜ ਸਾਲਾਂ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਕਰਨ ਵਾਲੇ ਜਤਿੰਦਰ ਪਾਲ ਸਿੰਘ ਗੋਲੂ ਨੇ ਜ਼ਿੰਦਗੀ ਦਾ ਬੁਰਾ ਦੌਰ ਦੇਖਿਆ। ਪਰ ਉਸਨੇ ਮਜ਼ਬੂਤ ਇੱਛਾ ਸ਼ਕਤੀ ਨਾਲ ਨਸ਼ਿਆਂ ‘ਤੇ ਕਾਬੂ ਪਾ ਲਿਆ ਹੈ ਅਤੇ ਹੁਣ ਉਸੇ ਖਤਰੇ ਵਿਰੁੱਧ ਮੁਹਿੰਮ ਚਲਾ ਰਿਹਾ ਹੈ।
ਜਾਣਕਾਰੀ ਮੁਤਾਬਕ ਜਤਿੰਦਰ ਪਾਲ ਸਿੰਘ ਗੋਲੂ ਪੁਤਲੀਘਰ ਇਲਾਕੇ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਮਿਲਟਰੀ ਇੰਜੀਨੀਅਰਿੰਗ ਸੇਵਾ ਵਿੱਚ ਇੱਕ ਠੇਕੇਦਾਰ ਸਨ। ਸਾਲ 1992-1993 ਵਿੱਚ ਨਾਗਪੁਰ ਤੋਂ ਇੰਜੀਨੀਅਰਿੰਗ ਕੀਤੀ। ਇੰਜਨੀਅਰਿੰਗ ਕਰ ਕੇ ਵਾਪਿਸ ਆਇਆ ਤਾਂ ਆਪਣੇ ਯਾਰਾਂ ਤੋਂ ਉਸਨੂੰ ਨਸ਼ੇ ਦਾ ਆਦਤ ਪਈ , ਜਿਸ ਵਿੱਚ ਉਸਨੇ 40 ਲੱਖ ਰੁਪਏ ਉਡਾ ਦਿੱਤੇ। ਨਸ਼ਾ ਉਸਦੇ ਜੀਵਨ ਵਿੱਚ ਘੁਲ ਗਿਆ ਸੀ ਪਰ ਅੱਜ ਨਸ਼ੇ ਦੀ ਲਤ ਤੋਂ ਮੁਕਤ ਹੋ ਕੇ ਉਹ ਆਪਣੇ ਵਰਗੇ ਹੋਰਾਂ ਦੀ ਮਦਦ ਕਰ ਰਿਹਾ ਹੈ।
ਜਤਿੰਦਰ ਪਾਲ ਸਿੰਘ ਗੋਲੂ ਨੇ ਦੱਸਿਆ ਕਿ ਪਹਿਲਾਂ ਉਸਨੇ ਕੁਝ ਦੋਸਤਾਂ ਨਾਲ ਬੈਠ ਕੇ ਸ਼ਰਾਬ ਪੀਤੀ। ਇਹ ਸਿਲਸਿਲਾ ਇੱਕ-ਦੋ ਦਿਨ ਚੱਲਦਾ ਰਿਹਾ। ਹੌਲੀ ਹੌਲੀ ਉਸਦੇ ਨਸ਼ਿਆਂ ਦੀਆਂ ਡੋਜ਼ਾ ਅਤੇ ਕਿਸਮਾਂ ਵੀ ਬਦਲਦੀਆਂ ਰਹੀਆਂ। ਸ਼ਰਾਬ ਤੋਂ ਅਫੀਮ ਅਤੇ ਫਿਰ ਚਰਸ ਤੱਕ ਉਸਨੇ ਨਸ਼ਾ ਕੀਤਾ।
ਜਤਿੰਦਰ ਪਾਲ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਉਸਦੇ ਨਸ਼ਾ ਛੁਡਾਉਣ ਲਈ ਕਾਫੀ ਕੋਸ਼ਿਸ਼ ਕੀਤੀ। ਉਸਨੇ ਦੱਸਿਆ ਕਿ ਉਸਨੇ 1997 ਵਿਚ ਇਹ ਸੋਚ ਕੇ ਵਿਆਹ ਕਰਵਾ ਲਿਆ ਕਿ ਸ਼ਾਇਦ ਇਸ ਨਾਲ ਉਹ ਸੁਧਰ ਜਾਵੇਗਾ ਪਰ ਹਾਲਾਤ ਉਹੀ ਰਹੇ। ਉਸ ਸਮੇਂ ਦੌਰਾਨ ਦਸ ਗ੍ਰਾਮ ਚਰਸ ਦੀ ਕੀਮਤ 5,000 ਰੁਪਏ ਬਣਦੀ ਸੀ। ਉਹ ਰੋਜ਼ਾਨਾ 2000 ਰੁਪਏ ਦੀ ਚਰਸ ਪੀਂਦਾ ਸੀ। ਉਹ ਸ਼ਰਾਬ ਦਾ ਸੇਵਨ ਵੀ ਕਰਦਾ ਸੀ।
ਇਸ ਤਰ੍ਹਾਂ ਹਰ ਮਹੀਨੇ 60 ਤੋਂ 70 ਹਜ਼ਾਰ ਰੁਪਏ ਨਸ਼ਿਆਂ ‘ਤੇ ਖਰਚੇ ਜਾਂਦੇ ਸਨ। ਇਹ ਦੌਰ ਅਕਤੂਬਰ 1999 ਤੱਕ ਜਾਰੀ ਰਿਹਾ। ਉਦੋਂ ਤੱਕ ਉਹ ਪਰਿਵਾਰ ਤੋਂ ਕਰੀਬ 40 ਲੱਖ ਰੁਪਏ ਲੈ ਕੇ ਨਸ਼ੇ ‘ਤੇ ਖਰਚ ਕਰ ਚੁੱਕਾ ਸੀ। ਜਿਸ ਤੋਂ ਬਾਅਦ ਉਹ ਖਰਚੇ ਤੋਂ ਤੰਗ ਹੋਣ ਲੱਗਾ। ਜਦੋਂ ਉਸਨੂੰ ਸ਼ਰਾਬ ਦੀ ਤਲਬ ਲੱਗਦੀ ਸੀ ਤਾਂ ਉਹ ਆਪਣੇ ਦੋਸਤਾਂ ਕੋਲ ਜਾਂਦਾ ਸੀ, ਪਰ ਉਹ ਉਸ ਨੂੰ ਜ਼ਲੀਲ ਕਰ ਕੇ ਭਜਾ ਦਿੰਦੇ ਸਨ। ਨਸ਼ੇ ਲਈ ਕਈ ਵਾਰ ਉਸਨੇ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੱਤਾ।
ਜਤਿੰਦਰ ਪਾਲ ਨੇ ਦੱਸਿਆ ਕਿ ਉਸ ਸਮੇਂ ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ ਵਿੱਚ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਚੱਲਦਾ ਸੀ। ਤੰਗ ਆ ਕੇ ਉਹ ਖੁਦ ਇਕੱਲਾ ਹੀ ਦਾਖਲਾ ਲੈਣ ਚਲਾ ਗਿਆ। ਉਸਨੇ ਦੱਸਿਆ ਕਿ ਉਸਨੂੰ ਬੜੀ ਮੁਸ਼ਕਲ ਨਾਲ ਉੱਥੇ ਦਾਖਲਾ ਮਿਲਿਆ ਸੀ। ਹੁਣ ਉਹ ਨਸ਼ਾ ਮੁਕਤ ਹੋ ਕੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਲੋਕਾਂ ਦੀ ਮਦਦ ਕਰ ਰਿਹਾ ਹੈ।