ਨਿਊਯਾਰਕ : ਵਿਸ਼ਵ ਦੀ ਵੱਡੀ ਆਰਥਿਕ ਤਾਕਤ ਅਮਰੀਕਾ ਨੂੰ ਇਸ ਸਾਲ ਕੜਾਕੇ ਦੀ ਠੰਡ ਅਤੇ ਬਰਫਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫੀਲੇ ਚੱਕਰਵਾਤ ਕਾਰਨ ਇੱਕ ਲੱਖ ਤੋਂ ਵੱਧ ਅਮਰੀਕੀਆਂ ਦੇ ਘਰਾਂ ਦੀ ਬਿਜਲੀ ਕੱਟੀ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਸਰਦੀਆਂ ਦੇ ਬਰਫੀਲੇ ਤੂਫਾਨ ਕਾਰਨ ਹਾਈਵੇਅ ਪ੍ਰਭਾਵਿਤ ਹੋਏ ਹਨ ਤੇ ਉਡਾਣਾਂ ਵੀ ਬੰਦ ਹੋ ਗਈਆਂ ਹਨ । ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ -40 ਡਿਗਰੀ ਤੱਕ ਡਿੱਗ ਗਿਆ ਹੈ। ਅਮਰੀਕਾ ਦੀ 70 ਫੀਸਦੀ ਆਬਾਦੀ ਮੌਸਮ ਵਿੱਚ ਖਰਾਬੀ ਦਾ ਸ਼ਿਕਾਰ ਹੋਈ ਹੈ।
ਜਾਣਕਾਰੀ ਅਨੁਸਾਰ ਬਰਫੀਲੇ ਤੂਫਾਨ ਵਿਚ 32 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਸ ਗਿਣਤੀ ਵਿਚ ਵਾਧਾ ਹੋਣ ਦਾ ਖਦਸ਼ਾ ਹੈ ਕਿਉਂਕਿ ਅਨੇਕਾਂ ਲੋਕਾਂ ਦੇ ਆਪੋ ਆਪਣੀਆਂ ਕਾਰਾਂ ਵਿਚ ਫਸੇ ਹੋਣ ਦਾ ਖਦਸ਼ਾ ਹੈ। ਏ ਐਨ ਆਈ ਏਜੰਸੀ ਦੀ ਰਿਪੋਰਟ ਮੁਤਾਬਿਕ ਜ਼ਿਆਦਾ ਮੌਤ ਵੈਸਟਰਨ ਨਿਊ ਯਾਰਕ ਸਟੇਟ ਵਿਚ ਲੇਕ ਈਰੀ ਦੇ ਕੰਢੇ ’ਤੇ ਸਥਿਤ ਬੁਫੈਨੋ ਦੇ ਨੇੜੇ ਤੇੜੇ ਹੋਈਆਂ ਹਨ। ਇਸ ਸਖ਼ਤ ਕੜਾਕੇ ਦੀ ਠੰਢ ਦੇ ਹਾਲਾਤਾਂ ਵਿਚ ਅਣਗਿਣਤ ਘਰਾਂ ਅਤੇ ਵਪਾਰਕ ਅਦਾਰਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਇਸ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਸ਼ਹਿਰ ਦਾ ਕੌਮਾਂਤਰੀ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ ਹੈ। ਅਮਰੀਕਾ ਭਰ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੌਤਾਂ ਤੂਫਾਨ ਦੀ ਲਪੇਟ ਵਿੱਚ ਆਉਣ, ਕਾਰ ਹਾਦਸਿਆਂ, ਦਰੱਖਤ ਡਿੱਗਣ ਅਤੇ ਤੂਫਾਨ ਦੇ ਹੋਰ ਅਸਰਾਂ ਕਾਰਨ ਹੋਈਆਂ ਹਨ। ਬਰਫੀਲੇ ਖੇਤਰ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋਈ
। ਇਨ੍ਹਾਂ ਵਿੱਚੋਂ ਦੋ ਦੀ ਮੌਤ ਉਨ੍ਹਾਂ ਨੂੰ ਘਰਾਂ ਵਿੱਚ ਪੇਸ਼ ਆਈ ਮੈਡੀਕਲ ਐਮਰਜੈਂਸੀ ਕਾਰਨ ਹੋਈ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਐਮਰਜੈਂਸੀ ਅਮਲਾ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਏ ਅਜਿਹੇ ਬਰਫੀਲੇ ਤੂਫਾਨ ਕਾਰਨ ਉਨ੍ਹਾਂ ਤੱਕ ਮਦਦ ਨਹੀਂ ਪਹੁੰਚਾ ਸਕਿਆ। ਹੱਡ ਚੀਰਵੀਂ ਠੰਢ, ਬਹੁਤ ਘੱਟ ਤਾਪਮਾਨ ਅਤੇ ਬਿਜਲੀ ਨਾ ਹੋਣ ਕਾਰਨ ਬਫਲੋ ਵਾਸੀ ਗਰਮ ਥਾਵਾਂ ਦੀ ਭਾਲ ਵਿੱਚ ਘਰੋਂ ਨਿਕਲਣ ਲਈ ਮਜਬੂਰ ਹੋ ਗਏ।
ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਬਫਲੋ ਨਿਆਗਰਾ ਕੌਮਾਂਤਰੀ ਹਵਾਈ ਅੱਡਾ ਸੋਮਵਾਰ ਸਵੇਰੇ ਬੰਦ ਰਹੇਗਾ ਅਤੇ ਬਫਲੋ ਵਿੱਚ ਫਾਇਰ ਬ੍ਰਿਗੇਡ ਦਾ ਹਰੇਕ ਟਰੱਕ ਬਰਫਬਾਰੀ ਵਿੱਚ ਫਸਿਆ ਹੋਇਆ ਹੈ। ਹੋਚੁਲ ਨੇ ਕਿਹਾ, ‘‘ਭਾਵੇਂ ਸਾਡੇ ਕੋਲ ਕਿੰਨੇ ਵੀ ਐਮਰਜੈਂਸੀ ਵਾਹਨ ਕਿਉਂ ਨਾ ਹੋਣ ਪਰ ਉਹ ਇਨ੍ਹਾਂ ਹਾਲਾਤ ਤੋਂ ਨਹੀਂ ਨਿਕਲ ਸਕਦੇ।’’
ਬਰਫੀਲੇ ਤੂਫਾਨ, ਮੀਂਹ ਤੇ ਹੱਡ ਚੀਰਵੀਂ ਠੰਢ ਕਾਰਨ ਮੇਨ ਤੋਂ ਲੈ ਕੇ ਸਿਆਟਲ ਤੱਕ ਬਿਜਲੀ ਚਲੀ ਗਈ ਜਦਕਿ ਇਕ ਪ੍ਰਮੁੱਖ ਬਿਜਲੀ ਆਪ੍ਰੇਟਰ ਨੇ ਚਿਤਾਵਨੀ ਦਿੱਤੀ ਹੈ ਕਿ ਪੂਰਬੀ ਅਮਰੀਕਾ ਵਿੱਚ 6.5 ਕਰੋੜ ਲੋਕ ਹਨੇਰੇ ’ਚ ਰਹਿ ਸਕਦੇ ਹਨ।
ਨਿਊ ਇੰਗਲੈਂਡ ਖਿੱਤੇ ਵਿੱਚ ਪੈਂਦੇ ਛੇ ਸੂਬਿਆਂ ਵਿੱਚ 2,73,000 ਤੋਂ ਵੱਧ ਖ਼ਪਤਕਾਰ ਸ਼ਨਿਚਰਵਾਰ ਨੂੰ ਬਿਨਾਂ ਬਿਜਲੀ ਤੋਂ ਰਹੇ। ਨੌਰਥ ਕੈਰੋਲੀਨਾ ਵਿੱਚ 169000 ਖ਼ਪਤਕਾਰਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ। ਬਿਜਲੀ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਬਿਜਲੀ ਸਪਲਾਈ ਨੂੰ ਠੀਕ ਕਰਨ ਵਿੱਚ ਕੁਝ ਦਿਨ ਲੱਗ ਸਕਦੇ ਹਨ।
ਐਰੀ ਕਾਊਂਟੀ ਦੇ ਕਾਰਜਕਾਰੀ ਮਾਰਕ ਪੋਲੋਨਕਾਰਜ਼ ਨੇ ਕਿਹਾ ਕਿ ਬਫਲੋ ਦੇ ਉਪ ਨਗਰ ਚੀਕਤੋਵਾਗਾ ਵਿੱਚ ਸ਼ੁੱਕਰਵਾਰ ਨੂੰ ਦੋ ਵਿਅਕਤੀਆਂ ਦੀ ਉਨ੍ਹਾਂ ਦੇ ਘਰਾਂ ਵਿੱਚ ਮੌਤ ਹੋ ਗਈ ਕਿਉਂਕਿ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਨਹੀਂ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਕ ਹੋਰ ਵਿਅਕਤੀ ਦੀ ਬਫਲੋ ਵਿੱਚ ਮੌਤ ਹੋ ਗਈ ਅਤੇ ਇਹ ਬਰਫੀਲਾ ਤੂਫਾਨ ‘‘ਸਾਡੇ ਇਤਿਹਾਸ ਵਿੱਚ ਸਭ ਤੋਂ ਖਤਰਨਾਕ’ ਹੋ ਸਕਦਾ ਹੈ।