ਬਿਊਰੋ ਰਿਪੋਰਟ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਪ੍ਰੈੱਸ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਨਾਲ-ਨਾਲ ਟੌਲ-ਪਲਾਜ਼ਿਆਂ ਨੂੰ ਲੋਕਾਂ ‘ਤੇ ਨਜਾਇਜ਼ ਬੋਝ ਕਰਾਰ ਦਿੱਤਾ ਹੈ। ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਟੌਲ-ਪਲਾਜ਼ਾ ਅਤੇ ਸਨਾਖ਼ਤੀ ਕਾਰਡਾਂ ਬਾਰੇ ਵਿਸ਼ੇਸ਼-ਰਿਪੋਰਟ ਕਰਨ ਵਾਲੇ ਇੱਕ ਪੱਤਰਕਾਰ ਨੂੰ ਮਿਲੀਆਂ ਧਮਕੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਬੀਕੇਯੂ-ਡਕੌਂਦਾ ਨੇ ਕਦੇ ਵੀ ਟੌਲ-ਪਲਾਜ਼ਿਆਂ ਨੂੰ ਮੁੱਖ ਰੱਖਕੇ ਸਨਾਖ਼ਤੀ ਕਾਰਡ ਨਹੀਂ ਬਣਾਏ। ਜਦਕਿ ਸਨਾਖ਼ਤੀ-ਕਾਰਡ ਮਹਿਜ਼ ਆਗੂਆਂ ਦੇ ਪਹਿਚਾਣ-ਪੱਤਰ ਵਜੋਂ ਹਨ ਅਤੇ ਇਹਨਾਂ ਦੀ ਦੁਰਵਰਤੋਂ ਤੋਂ ਹਮੇਸ਼ਾ ਵਰਜਿਆ ਗਿਆ ਹੈ। ਇਹ ਸ਼ਨਾਖਤੀ ਕਾਰਡ ਜਥੇਬੰਦੀ ਵਲੋਂ ਅਪਣੇ ਅਹੁਦੇਦਾਰਾਂ ਤੇ ਜਿੰਮੇਵਾਰ ਵਰਕਰਾਂ ਨੂੰ ਜਥੇਬੰਦੀ ਦੇ ਮੈਂਬਰ ਵਜੋਂ ਮਾਨਤਾ ਦੇਣ ਲਈ ਜਾਰੀ ਕੀਤੇ ਗਏ ਹਨ। ਉਨਾਂ ਦਸਿਆ ਕਿ ਡਕੌਂਦਾ ਜਥੇਬੰਦੀ ਵਲੋਂ ਜਾਰੀ ਪਛਾਣ ਪੱਤਰਾਂ ਤੇ ਦਰਜ ਕੀਤਾ ਹੋਇਆ ਹੈ ਕਿ ਇਸ ਪਛਾਣ ਪੱਤਰ ਦੀ ਦੁਰਵਰਤੋਂ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਟੋਲ ਪਲਾਜਿਆਂ ਤੋਂ ਬਿਨਾਂ ਪਰਚੀ ਲੰਘਣ ਦੇਣ ਦਾ ਅਮਲ ਬੀਤੇ ਇਕ ਸਾਲ ਤੋਂ ਨਿਰਵਿਘਨ ਚਲ ਰਿਹਾ ਹੈ ਜੋ ਕਿ ਆਪਸੀ ਸਹਿਮਤੀ ਤੇ ਕਿਸਾਨ ਆਗੂਆਂ ਦੇ ਸਤਿਕਾਰ ਦਾ ਸਿੱਟਾ ਹੈ,ਜਿਸ ਤੇ ਕਦੇ ਵੀ ਕਿਸੇ ਨੇ ਉਜਰ ਨਹੀਂ ਕੀਤਾ।
ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਬੀਕੇਯੂ(ਡਕੌਂਦਾ) ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਾਰੇ ਟੌਲ ਪਲਾਜੇ ਬੰਦ ਕੀਤੇ ਜਾਣ,ਕਿਉਂਕਿ ਟੌਲ ਟੈਕਸ ਵਸੂਲਣਾ ਸਰਾਸਰ ਨਜਾਇਜ਼ ਹੈ। ਹਰ ਵਾਹਨ ਚਾਲਕ ਵੱਲੋਂ ਸਰਕਾਰੀ ਖਜ਼ਾਨੇ ਵਿੱਚ ਭਾਰੀ ਰੋਡ ਟੈਕਸ ਭਰ ਕੇ ਹੀ ਰਜਿਸਟ੍ਰੇਸ਼ਨ ਹਾਸਲ ਕੀਤੀ ਜਾਂਦੀ ਹੈ। ਇਹ ਟੌਲ ਟੈਕਸ ਤਾਂ ਸੜਕਾਂ ਦੇ ਨਿੱਜੀਕਰਨ ਦੀ ਸਾਮਰਾਜੀ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਭਰਨ ਲਈ ਹੀ ਵਸੂਲੇ ਜਾ ਰਹੇ ਹਨ। ਇਹ ਟੋਲ ਪਲਾਜੇ ਕਿਸਾਨਾਂ ਸਮੇਤ ਆਮ ਲੋਕਾਂ ਤੇ ਨਾਜਾਇਜ ਬੋਝ ਹਨ ਤੇ ਵਾਧੂ ਦੀ ਖੱਜਲਖੁਆਰੀ ਹਨ।ਮੁੱਖਮੰਤਰੀ ਪੰਜਾਬ ਨੇ ਇਹ ਟੋਲ ਪਲਾਜੇ ਖਤਮ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ।
ਬੁਰਜ਼ਗਿੱਲ ਨੇ ਕਿਹਾ ਕਿ ਪੱਤਰਕਾਰ ਨੂੰ ਇਸ ਮਾਮਲੇ ‘ਚ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ,ਸਗੋਂ ਸਮੂਹ ਕਿਸਾਨ ਜਥੇਬੰਦੀਆਂ ਦੀਆਂ ਆਗੂ ਸਫਾਂ ਨੂੰ ਇਸ ਮਾਮਲੇ ‘ਚ ਤੁਰੰਤ ਪੜਤਾਲ ਕਰਕੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਤਾਂ ਕਿ ਪ੍ਰੈੱਸ ਦੀ ਆਜਾਦੀ ‘ਤੇ ਕੋਈ ਆਂਚ ਨਾ ਆਵੇ ਅਤੇ ਬੇਵਜ੍ਹਾ ਦਾ ਤਨਾਅ ਖਤਮ ਕੀਤਾ ਜਾ ਸਕੇ।
ਬੁਰਜ਼ਗਿੱਲ ਨੇ ਕਿਹਾ ਕਿ ਜੇਕਰ ਪੱਤਰਕਾਰ ਭਾਈਚਾਰੇ ਅਤੇ ਸਥਾਨਕ ਕਿਸਾਨ ਆਗੂਆਂ ਵਿਚਕਾਰ ਕੋਈ ਗਲਤ ਫਹਿਮੀ ਪੈਦਾ ਹੋ ਜਾਂਦੀ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਨੂੰ ਆਪਸੀ ਭਰੱਪਣ ਨਾਲ ਬੈਠ ਕੇ ਨਜਿੱਠ ਲੈਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਨਿਰਪੱਖ ਤੋਰ ‘ਤੇ ਪੂਰੀ ਸੁਹਿਰਦਤਾ ਨਾਲ ਇਸ ਮਾਮਲੇ ਨੂੰ ਨਿਪਟਾਉਣ ਦੀ ਪੁਰਜੋਰ ਕੋਸ਼ਿਸ਼ ਕਰੇਗੀ। ਕਿਸਾਨ ਅੰਦੋਲਨ ਦੌਰਾਨ ਪ੍ਰੈੱਸ ਦੀ ਮਹੱਤਵਪੂਰਨ ਭੂਮਿਕਾ ਨੂੰ ਕਦਾਚਿਤ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਬੀਕੇਯੂ-(ਡਕੌਂਦਾ) ਦੀ ਇਹ ਸਮਝਦਾਰੀ ਹੈ ਕਿ ਪ੍ਰੈੱਸ ਜਨਤਕ ਅੰਦੋਲਨ ਦਾ ਜਾਨਦਾਰ ਥੰਮ ਹੈ ਅਤੇ ਇਸ ਸਾਂਝ ਨੂੰ ਬਰਕਰਾਰ ਰੱਖਣਾ ਤੇ ਹੋਰ ਮਜਬੂਤ ਬਨਾਉਣਾ ਸਾਡਾ ਅਹਿਮ ਕਾਰਜ ਬਨਣਾ ਚਾਹੀਦਾ ਹੈ।