‘ਦ ਖ਼ਾਲਸ ਬਿਊਰੋ : ਲਖੀਮਪੁਰ ਖੀਰੀ ਦੀ ਗੋਲਾ ਗੋਕਰਨਨਾਥ ਸੀਟ ਉਤੇ ਹੋਈ ਉਪ ਚੋਣ ‘ਚ ਭਾਜਪਾ ਉਮੀਦਵਾਰ ਅਮਨ ਗਿਰੀ ਦੀ ਜਿੱਤ ਉਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਹਮਲਾ ਕੀਤਾ ਹੈ।
ਉਨ੍ਹਾਂ ਨੇ ਭਾਜਪਾ ਸਰਕਾਰ ਉਤੇ ਬੇਈਮਾਨੀ ਕਰਕੇ ਜ਼ਿਮਨੀ ਚੋਣਾਂ ਜਿੱਤਣ ਦਾ ਦੋਸ਼ ਲਾਇਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਅਗਲਾ ਨਿਸ਼ਾਨਾ ਪ੍ਰੈਸ ਅਤੇ ਮੀਡੀਆ ਦੀ ਆਜ਼ਾਦੀ ਹੈ। ਜਦੋਂ ਤੱਕ ਮੀਡੀਆ ਆਪਣੀ ਜਾਨ ਬਚਾ ਸਕਦਾ ਹੈ, ਬਚਾਅ ਲਵੇ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਦਾ ਚੋਣ ਕਮਿਸ਼ਨ ਹੈ, ਇਨ੍ਹਾਂ ਦੀਆਂ ਅਦਾਲਤਾਂ ਅਤੇ ਇਨ੍ਹਾਂ ਦੇ ਹੀ ਅਧਿਕਾਰੀ। ਇਸੇ ਲਈ ਭਾਜਪਾ ਲਗਾਤਾਰ ਚੋਣਾਂ ਜਿੱਤ ਰਹੀ ਹੈ।
ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਸੂਬੇ ਦੀ ਸਮੁੱਚੀ ਸਰਕਾਰ ਬੇਈਮਾਨੀ ਨਾਲ ਬਣਾਈ ਗਈ ਹੈ ਅਤੇ ਭਾਜਪਾ ਨੇ ਬੇਈਮਾਨੀ ਨਾਲ ਉਪ ਚੋਣਾਂ ਜਿੱਤੀਆਂ ਹਨ। ਹਾਲਾਂਕਿ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ 2024 ‘ਚ ਵੀ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣੇਗੀ। ਪਰ ਉਹ ਵੀ ਬੇਈਮਾਨੀ ਨਾਲ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕ ਭਾਜਪਾ ਨੂੰ ਵੋਟ ਨਹੀਂ ਦੇਣਗੇ। ਪਰ ਕੇਂਦਰ ਵਿੱਚ ਅਗਲੀ ਸਰਕਾਰ ਵੀ ਬੇਈਮਾਨੀ ਨਾਲ ਭਾਜਪਾ ਦੀ ਹੀ ਬਣੇਗੀ। ਇਸ ਦੇ ਨਾਲ ਹੀ ਯੂਪੀ ਵਿਚ ਹੋਣ ਵਾਲੀਆਂ ਸਥਾਨਕ ਚੋਣਾਂ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਪਿੰਡਾਂ ਦੇ ਲੋਕ ਨਗਰ ਨਿਗਮ ਚੋਣਾਂ ਵਿੱਚ ਡੰਡੇ ਲੈ ਕਤੇ ਤਿਆਰ ਖੜ੍ਹੇ ਹਨ।