PM narendra modi

ਚੰਡੀਗੜ੍ਹ : ਭਾਜਪਾ ‘ਮਿਸ਼ਨ 2024’ (BJP Mission 2024) ਦੀਆਂ ਤਿਆਰੀਆਂ ਵਿੱਚ ਜੁਟ ਗਈ ਹੈ। ਬੇਸ਼ਕ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ(BJP) ਚੰਗਾ ਪ੍ਰਦਰਸ਼ਨ ਨਾ ਕਰ ਸਕੀ ਪਰ ਹੁਣ ਪਾਰਟੀ ਨੇ ਸੂਬੇ ਵਿੱਚ ਲੋਕ ਸਭਾ ਸੀਟਾਂ(2024 Lok Sabha elections) ਜਿੱਤਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੀਆਂ ਸੂਬੇ ਵਿੱਚ ਗਤੀਵਿਧੀਆਂ ਤੋਂ ਇਸਦੇ ਮਨਸੂਬੇ ਵੀ ਸਾਹਮਣੇ ਆਉਣ ਲੱਗੇ ਹਨ। ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸਤੰਬਰ ਮਹੀਨੇ ’ਚ ਮੁੜ ਪੰਜਾਬ ਦੌਰੇ ’ਤੇ ਆਉਣਗੇ ਅਤੇ ਉਨ੍ਹਾਂ ਨੇ ਫ਼ਿਰੋਜ਼ਪੁਰ ਅਤੇ ਬਠਿੰਡਾ ਦੀ ਫੇਰੀ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਇਸ ਗੱਲ ਤੋਂ ਜਾਣੂ ਹਨ ਕਿ ਪੰਜਾਬ ਅਤੇ ਖ਼ਾਸਕਰ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ ਹੈ ਤੇ ਬੀਜੇਪੀ ਪੰਜਾਬ ਨੂੰ ਹੁਣ ਸਿਆਸੀ ਹਿਤਾਂ ਖਾਤਰ ਕਲਾਵੇ ਚ ਲੈਣਾ ਚਾਹੁੰਦੀ ਹੈ।

ਮਾਹੌਲ ਦੇਖ ਕੇ ਸਹਿਜੇ ਅੰਦਾਜ਼ਾ ਲੱਗ ਜਾਂਦੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਨੂੰ ਪਲੋਸਣ ਦੇ ਰਾਹ ਪਈ ਹੈ ਅਤੇ ‘ਮਿਸ਼ਨ ਪੰਜਾਬ’ ਤਹਿਤ ਭਾਜਪਾ ਦਾ ਸਿੱਖ ਭਾਈਚਾਰੇ ਨਾਲ ਨੇੜਤਾ ਬਣਾਉਣ ਦਾ ਏਜੰਡਾ ਹੈ। ਦਲਿਤ ਵਰਗ ਨੂੰ ਨਾਲ ਜੋੜਨਾ ਵੀ ਇਸੇ ਕੜੀ ਦਾ ਹਿੱਸਾ ਹੈ। ਭਾਜਪਾ ਤਰਫ਼ੋਂ ਪੰਜਾਬ ਵਿੱਚ 9 ਲੋਕ ਸਭਾ ਹਲਕੇ ਸ਼ਨਾਖ਼ਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਕੇਂਦਰੀ ਵਜ਼ੀਰਾਂ ਦੀ ਡਿਊਟੀ ਲਾਈ ਗਈ ਹੈ। ‘ਲੋਕ ਸਭਾ ਪਰਵਾਸ ਯੋਜਨਾ’ ਤਹਿਤ ਪੰਜਾਬ ਦੇ ਧਰਾਤਲ ’ਤੇ ਲੋਕਾਂ ਨਾਲ ਨੇੜਤਾ ਵਧਾਏ ਜਾਣ ਦੀ ਵਿਉਂਤਬੰਦੀ ਹੈ। ਘੱਟ ਗਿਣਤੀ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਤਹਿਤ ਗੁਪਤ ਏਜੰਡੇ ਵੀ ਉਲੀਕੇ ਗਏ ਹਨ।

PM narendra modi

ਸਾਡੀ ਖਬਰ ਦੀ ਪ੍ਰੋੜਤਾ ਦੋ ਤਸਵੀਰਾਂ ਕਰਦੀਆਂ ਹਨ।
1. ਝੁੱਗੀ-ਝੌਂਪੜੀ ਵਾਸੀਆਂ ਨਾਲ ਖਾਣਾ ਖਾਂਦੇ ਹੋਏ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ।
2. ਮੁਹਾਲੀ ਦੇ ਇਤਿਹਾਸਕ ਗੁਰੂ ਘਰ ਵਿਖੇ ਮੱਥਾ ਟੇਕਣ ਪਹੁੰਚੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ।
ਕੇਂਦਰੀ ਵਜ਼ੀਰ ਮੀਨਾਕਸ਼ੀ ਲੇਖੀ ਨੇ ਗੁਰਦਾਸਪੁਰ ਹਲਕੇ ਦੇ ਦੌਰੇ ਤੇ ਹਨ, ਜਦਕਿ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ 30 ਅਤੇ 31 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਦੌਰਾ ਚੱਲ ਰਿਹਾ ਹੈ।

ਗੁਰਦਾਸਪੁਰ ਜ਼ਿਲੇ ਦੇ ਦੌਰੇ ਤੇ ਪਹੁੰਚੀ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਇੱਕ ਦਿਨ ਪਹਿਲਾਂ ਸ਼ਹਿਰ ਦੇ ਪੰਚਾਇਤ ਭਵਨ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਦੇ ਜਾਇਜ਼ੇ ਲਈ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸਰਕਾਰ ਦੀ ਹਰ ਨੀਤੀ ਨੂੰ ਯੋਗ ਅਤੇ ਲੋੜਵੰਦ ਵਿਅਕਤੀ ਤੱਕ ਬਿਨਾਂ ਕਿਸੇ ਭੇਦ-ਭਾਵ ਦੇ ਪਹੁੰਚਾਉਣ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ, ਬੇਘਰੇ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾ ਕੇ ਦਿੱਤੇ ਜਾਣ ਦਾ ਹੁਕਮ ਵੀ ਚਾੜ ਦਿੱਤਾ।

ਸੋਮਵਾਰ ਨੂੰ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਧਾਰੀਵਾਲ ਪਹੁੰਚ ਕੇ ਸ਼ਹਿਰ ਵਿੱਚ ਲੰਘਦੀ ਅੱਪਰਬਾਰੀ ਨਹਿਰ ਕਿਨਾਰੇ ਝੁੱਗੀ-ਝੌਂਪੜੀ ਰਾਜੀਵ ਕਲੋਨੀ ਵਾਸੀਆਂ ਵੱਲੋਂ ਤਿਆਰ ਕੀਤਾ ਖਾਣਾ ਖਾਧਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਨਾਂ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦੇਣ ਅਤੇ ਬਿਜਲੀ ਬਿੱਲ ਮੁਆਫ਼ ਕਰਨ ਦੀ ਮੰਗ ਕੀਤੀ। ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਮਜ਼ਦੂਰਾਂ ਨੇ ਤਨਖਾਹਾਂ ਨਾ ਮਿਲਣ ਦਾ ਰੋਣਾ ਵੀ ਰੋਇਆ ਪਰ ਸਿਰਫ ਦਿਲਾਸੇ ਤੇ ਧਰਵਾਸ ਹੀ ਮਿਲੇ।

 

ਅੱਜ ਮੁਹਾਲੀ ਪਹੁੰਚੇ ਕੇਂਦਰੀ ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਗਜੇਂਦਰ ਸਿੰਘ ਸ਼ੇਖਾਵਤ ਨੇ ,ਪੰਜਾਬ ਦੀ ਆਪਣੀ ਲੀਡਰਸ਼ਿਪ ਵਿੱਚ ਨਵੀਂ ਤਾਕਤ ਭਰਨ ਤੇ ਵਿਰੋਧੀਆਂ ਨੂੰ ਪੱਟਣ ਦੇ ਮਕਸਦ ਨਾਲ ਵੱਡਾ ਲਾਲਚ ਦਿੰਦਿਆਂ ਕਿਹਾ ਕਿ ਭਾਜਪਾ ਵਿੱਚ ਧੜਾਧੜ ਸ਼ਾਮਲ ਹੋ ਰਹੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੌਕਾ ਮਿਲ ਸਕਦਾ ਹੈ। ਸ਼ੇਖਾਵਤ ਨੇ ਇਨਾਂ ਨੂੰ ਪਾਰਟੀ ਦਾ ਹਿੱਸਾ ਦੱਸਿਆ, ਹਾਲਾਂਕਿ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਵਿੱਚ ਕਿਸੇ ਵੀ ਤਰਾਂ ਦੇ ਤੁਰੰਤ ਬਦਲਾਅ ਤੋ ਇਨਕਾਰ ਕਰ ਦਿੱਤਾ।

ਬੀਜੇਪੀ ਲੀਡਰ ਕਿਸਾਨਾਂ ਤੇ ਸਿੱਖਾਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਨੇੜੇ ਕਰਨਾ ਚਾਹੁੰਦੇ ਹਨ, ਅੱਜ ਸੂਬੇ ਦਾ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਪਿੰਡਾਂ ਦੇ ਕਿਸਾਨਾਂ ਦੇ ਵਫਦ ਦੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਵਾਈ, ਜਿਹੜੇ ਡੀਸੀ ਦਫਤਰ ਮੁਹਾਲੀ ਦੇ ਬਾਹਰ ਪਿਛਲੇ ਸਾਢੇ ਤਿੰਨ ਮਹੀਨੇ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ, ਕਿਸਾਨਾਂ ਦੀ ਮੁਹਾਲੀ ਵਿੱਚੋਂ ਕੱਢੇ ਜਾਣ ਵਾਲੇ ਦੋ ਕੌਮੀ ਮਾਰਗਾਂ ਲਈ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਮੌਜੂਦਾ ਮਾਰਕੀਟ ਭਾਅ ਅਨੁਸਾਰ ਯੋਗ ਮੁਆਵਜ਼ਾ ਦੇਣ ਦੀ ਮੰਗ ਤੇ ਕੇਂਦਰੀ ਮੰਤਰੀ ਨੇ ਹਮਦਰਦੀ ਨਾਲ ਗੌਰ ਕਰਨ ਦਾ ਭਰੋਸਾ ਵੀ ਦਿੱਤਾ।

ਇਸੇ ਦੌਰਾਨ ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਨੇ ਵੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਸੌਂਪ ਕੇ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਹਾਲਾਂਕਿ ਗਜੇਂਦਰ ਸਿੰਘ ਸ਼ੇਖਵਾਤ ਨੇ ਲੀਡਰਸ਼ਿਪ ਚ ਹਾਲ ਦੀ ਘੜੀ ਬਦਲਾਅ ਦੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਸਾਡੇ ਸੂਤਰ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ’ਚ ਵੱਡੀ ਤਬਦੀਲੀ ਦੀ ਗੱਲ ਚੱਲ ਰਹੀ ਹੈ ਜਿਸ ਤਹਿਤ ਕਾਂਗਰਸ ’ਚੋਂ ਆਏ ਚਿਹਰਿਆਂ ਨੂੰ ਭਾਜਪਾ ਦੇ ਸੰਗਠਨ ਵਿਚ ਥਾਂ ਦਿੱਤੀ ਜਾਣੀ ਹੈ। ਵੱਡਾ ਚਿਹਰਾ ਸੁਨੀਲ ਜਾਖੜ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਿਆਸੀ ਵਜ਼ਨ ਦਿੰਦੇ ਹਨ। ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦੇ ਚਰਚੇ ਹਨ ਕਿਉਂਕਿ ਭਾਜਪਾ ਹਾਈਕਮਾਨ ਜਾਖੜ ਨੂੰ ਜਾਟ ਨੇਤਾ ਵਜੋਂ ਵੀ ਦੇਖਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਫੇਰੀ ਦੌਰਾਨ ਆਪਣੀ ਦਿਲ ਦੀ ਗੱਲ ਵੀ ਭਾਜਪਾ ਲੀਡਰਸ਼ਿਪ ਨਾਲ ਸਾਂਝੀ ਕੀਤੀ ਸੀ ਜਦੋਂ ਉਨਾਂ ਨੇ ਕਿਹਾ ਸੀ ਜਾਖੜ ਸਾਹਬ ਨੂੰ ਕੌਣ ਨਹੀਂ ਜਾਣਦਾ।

ਪ੍ਰਧਾਨ ਮੰਤਰੀ ਇਸ ਗੱਲੋਂ ਤਸੱਲੀ ਵਿੱਚ ਸਨ ਕਿ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਏ ਜਾਣ ਦੇ ਐਲਾਨ ਨਾਲ ਦੱਖਣ ਵੀ ਇਸ ਸ਼ਹਾਦਤ ਬਾਰੇ ਡੂੰਘਾਈ ’ਚ ਜਾਣੂ ਹੋਇਆ ਹੈ। ਪਰ ਇੱਕ ਕੌੜਾ ਸੱਚ ਵੀ ਬੀਜੇਪੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੇਂਡੂ ਪੰਜਾਬ ਦੇ ਮਨਾਂ ਵਿੱਚ ਪਈ ਦਰਾਰ ਭਰਨੀ ਭਾਜਪਾ ਲਈ ਸੌਖੀ ਨਹੀਂ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਵਿਚ ਵੱਧ ਸ਼ਹਾਦਤਾਂ ਪੰਜਾਬ ਦੇ ਕਿਸਾਨਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਤੀਆਂ ਹਨ। ਸਭ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦੀ ਇਹ ਸਮਝ ਪੱਕੀ ਹੋਈ ਹੈ ਕਿ ਪੰਜਾਬ ਨੂੰ ਅਸੈਂਬਲੀ ਚੋਣਾਂ ਵਿੱਚ ਇਕੱਲੇ ਤੌਰ ’ਤੇ ਜਿੱਤਣਾ ਸੌਖਾ ਨਹੀਂ ਹੈ।

ਭਾਜਪਾ ਦਲਿਤ ਭਾਈਚਾਰੇ ਨਾਲ ਵੀ ਮੋਹ ਦਿਖਾਉਣ ਲੱਗੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਗਰੂਰ ਲੋਕ ਹਲਕੇ ਦੇ ਦੌਰੇ ਦੌਰਾਨ ਧੂਰੀ ਲਾਗਲੇ ਫ਼ਤਿਹਗੜ੍ਹ ਪਿੰਡ ਦੇ ਪਰਗਟ ਸਿੰਘ ਦੇ ਦਲਿਤ ਪਰਿਵਾਰ ਦੇ ਘਰ ਦੁਪਹਿਰ ਦਾ ਭੋਜਨ ਕੀਤਾ ਅਤੇ ਇਸੇ ਤਰ੍ਹਾਂ ਕੇਂਦਰੀ ਹਰਦੀਪ ਪੁਰੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਦੌਰੇ ਦੌਰਾਨ ਦਲਿਤ ਬਸਤੀ ਵਿਚ ਭੋਜਨ ਕੀਤਾ ਸੀ। ਕੇਂਦਰੀ ਲੀਡਰਸ਼ਿਪ ਵੱਲੋਂ ਮੰਤਰੀਆਂ ਨੂੰ ਹਦਾਇਤ ਹੈ ਕਿ ਹਰ ਮਹੀਨੇ ਲੋਕ ਸਭਾ ਹਲਕੇ ਵਿੱਚ ਦੋ ਦਿਨ ਗੁਜ਼ਾਰਨ। ਇੱਕ ਦਿਨ ਦਲਿਤ ਪਰਿਵਾਰ ਨਾਲ ਭੋਜਨ ਕਰਨ ਦੀ ਹਦਾਇਤ ਹੈ।

ਸਭ ਕੇਂਦਰੀ ਵਜ਼ੀਰਾਂ ਨੂੰ ਇਹ ਵੀ ਹਦਾਇਤ ਹੈ ਕਿ ਉਹ ਹਰ ਮਹੀਨੇ ਦੌਰੇ ਦੌਰਾਨ ਗੁਰੂ ਘਰਾਂ ਵਿੱਚ ਦਰਸ਼ਨਾਂ ਲਈ ਜ਼ਰੂਰ ਜਾਣ। ਕੇਂਦਰੀ ਵਜ਼ੀਰ ਹਰਦੀਪ ਪੁਰੀ ਬਠਿੰਡਾ ਦੇ ਕਿਲ੍ਹਾ ਮੁਬਾਰਕ ਗੁਰੂ ਘਰ ਵਿੱਚ ਦਰਸ਼ਨਾਂ ਲਈ ਗਏ ਸਨ, ਜਦੋਂ ਕਿ ਮਨਸੁਖ ਮਾਂਡਵੀਆ ਗੁਰਦੁਆਰਾ ਮਸਤੂਆਣਾ ਸਾਹਿਬ ਗਏ ਸਨ। ਸਟੇਜਾਂ ’ਤੇ ਸਿੱਖ ਚਿਹਰਿਆਂ ਨੂੰ ਅੱਗੇ ਰੱਖਣ ਦੀ ਵੀ ਹਦਾਇਤ ਹੈ। ਸੂਤਰ ਦੱਸਦੇ ਹਨ ਕਿ ਕੇਂਦਰੀ ਲੀਡਰਸ਼ਿਪ ਕੋਲ ਇਹ ਜ਼ਮੀਨੀ ਰਿਪੋਰਟ ਪੁੱਜੀ ਹੈ ਕਿ ਬੇਸ਼ੱਕ ਭਾਜਪਾ ਦੀ ਮੈਂਬਰਸ਼ਿਪ ਅਤੇ ਯੂਨਿਟ ਤਾਂ ਵਧੇ ਹਨ ਪਰ ਲੋਕਾਂ ਦੇ ਮਨਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਸੂਤਰ ਆਖਦੇ ਹਨ ਕਿ ਕਿਸਾਨ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਵਾਸਤੇ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਪੈਕੇਜ ਐਲਾਨ ਸਕਦੀ ਹੈ, ਹਾਲਾਂਕਿ ਇਹ ਗੱਲਾਂ ਮੋਦੀ ਜੀ ਦੀ ਜਨਵਰੀ ਫੇਰੀ ਵੇਲੇ ਵੀ ਬਹੁਤ ਵੱਡੇ ਪੱਥਰ ਤੇ ਉੱਠੀਆਂ ਸਨ ਪਰ ਪੰਜਾਬ ਨਾਲ ਨਾਤੀ ਧੋਤੀ ਰਹਿ ਗਈ ਵਾਲੀ ਗੱਲ ਹੋ ਗਈ ਸੀ ਤੇ ਇਹ ਸਭ ਦੇਖਕੇ ਬੜੀ ਹੈਰਾਨੀ ਹੁੰਦੀ ਹੈ ਕਿ ਸਿਆਸੀ ਲੀਡਰਾਂ ਲਈ ਕਿਵੇਂ ਸਭ ਕੁਝ ਇੱਕ ਯੋਜਨਾ ਨੂੰ ਨੇਪਰੇ ਚਾੜਨਾ ਹੁੰਦਾ ਹੈ ਉਨਾਂ ਲਈ ਕਿਸੇ ਗਰੀਬ ਨਾਲ ਬਹਿਕੇ ਰੋਟੀ ਖਾਣੀ ਵੀ ਇੱਕ ਪਲੈਨਿੰਗ ਦਾ ਹਿੱਸਾ ਹੈ ਤੇ ਕਿਸੇ ਗੁਰੂ ਮੱਥਾ ਟੇਕਣਾ ਵੀ ਮਤਲਬ ਨਾਲ ਗ੍ਰਸਿਆ ਹੋਇਆ ਹੈ।
ਸ਼ਾਇਦ ਅੱਜ ਦੇ ਜ਼ਮਾਨੇ ‘ਚ ਕਿਸੇ ਖਾਸ ਮਕਸਦ ਵਾਸਤੇ ਲੋਕਾਂ ਨਾਲ ਮਿਲਣਾ ਵਰਤਣਾ ਵੀ ਇੱਕ ਲਾਈਫ ਸਟਾਈਲ ਹੀ ਬਣ ਗਿਆ ਹੈ ਤੇ ਦੁੱਖ ਦੀ ਗੱਲ ਇਹ ਹੈ ਬਦਲਾਅ ਸਿਰਫ ਲੀਡਰਾਂ ਚ ਹੀ ਨਹੀਂ ਆਮ ਲੋਕਾਂ ਚ ਵੀ ਕਾਫੀ ਪ੍ਰਚਲਿਤ ਹੋ ਗਿਆ ਹੈ.. ਖੈਰ, ਬੀਜੇਪੀ ਦਾ ਪੰਜਾਬ ਜਿੱਤਣ ਦਾ ਮਕਸਦ ਕਦੋਂ ਪੂਰ ਚੜ੍ਹਦਾ ਹੈ ਇਹ ਤਾਂ ਹਾਲੇ ਸ਼ਾਇਦ ਕਈ ਸਾਲਾਂ ਤੱਕ ਸਵਾਲ ਹੀ ਬਣਿਆ ਰਹੇਗਾ ਪਰ ਅਜੋਕੇ ਸਿਆਸਤਦਾਨਾਂ ਦਾ ਸੁਭਾਅ ਤੁਸੀਂ ਸਾਰੇ ਈ ਜਾਣਦੇ ਓ ਕਿ ਰਾਜਨੀਤੀ ਵਿੱਚ ਐਂਟਰੀ ਤੋਂ ਪਹਿਲਾਂ ਸ਼ਰਮ ਵਾਲੀ ਲੋਈ ਲਾਹੁਣੀ ਪੈਂਦੀ ਹੈ, ਲੋਕ ਵਾਰ ਵਾਰ ਨਕਾਰਦੇ ਰਹਿਣ ਪਰ ਕਾਮਯਾਬ ਹੋਣ ਤੱਕ ਇਹ ਤੁਹਾਡੇ ਦਰਾਂ ਤੇ ਖੜ੍ਹਦੇ ਹੀ ਰਹਿਣਗੇ।