India

ਭਾਜਪਾ ਦੇ ਬੁਲਾਰੇ RP Singh ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ,1984 ਸਿੱਖ ਕਤਲੇਆਮ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਕੀਤੀ ਅਪੀਲ

ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 1984 ਦੇ ਸਿੱਖ ਕਤਲੇਆਮ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ “ਅਸਲੀ ਦੋਸ਼ੀਆਂ” ਵਿਰੁੱਧ ਕਾਰਵਾਈ ਕਰਨ ਲਈ ‘’ਟਰੁੱਥ ਕਮਿਸ਼ਨ’ ਦੀ ਸਥਾਪਨਾ ਕਰਨ ਦੀ ਅਪੀਲ ਕੀਤੀ ਹੈ।

ਗ੍ਰਹਿ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ, ਆਰਪੀ ਸਿੰਘ ਨੇ ਮੁੱਖ ਸਾਜ਼ਿਸ਼ਕਰਤਾ ਸੱਜਣ ਕੁਮਾਰ ਨੂੰ ਸਲਾਖਾਂ ਪਿੱਛੇ ਭੇਜਣ ਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ ਪਰ ਇਹ ਵੀ ਕਿਹਾ ਹੈ ਕਿ ਹਾਲੇ ਤੱਕ ਪੂਰਾ ਇਨਸਾਫ਼ ਨਹੀਂ ਹੋਇਆ ਹੈ।

ਇਸ ਤੋਂ ਅਗੇ ਉਹ ਲਿਖਦੇ ਹਨ ਕਿ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਕਈ ਹੋਰ ਅਜੇ ਵੀ ਆਜ਼ਾਦ ਘੁੰਮ ਰਹੇ ਹਨ। ਆਰ ਪੀ ਸਿੰਘ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਅਤੇ ਸਿੱਖ ਕਤਲੇਆਮ ਦੀ ਸਾਜ਼ਿਸ਼ ਦਿੱਲੀ ਵਿੱਚ ਬਹੁਤ ਪਹਿਲਾਂ ਰਚੀ ਗਈ ਸੀ।ਸਾਬਕਾ ਰਿਸਰਚ ਐਂਡ ਐਨਾਲਿਸਿਸ ਵਿੰਗ ਅਧਿਕਾਰੀ, ਜੀ.ਬੀ.ਐਸ. ਸਿੱਧੂ ਨੇ ਆਪਣੀ ਕਿਤਾਬ-ਦਿ ਖਾਲਿਸਤਾਨ ਸਾਜ਼ਿਸ਼- ਵਿੱਚ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ ।

ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਅਮਿਤ ਸ਼ਾਹ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਕਿ ਇਹਨਾਂ ਦੋਵਾਂ ਸਾਜਿਸ਼ਾਂ ਨੂੰ 1985 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਯੋਜਨਾਬੱਧ ਤਰੀਕੇ ਨਾਲ ਸਿਰੇ ਚੜਾਇਆ ਗਿਆ ਸੀ ।

ਪੱਤਰ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਕਿਸੇ ਵੀ ਕਾਂਗਰਸੀ ਜਾਂ ਉਸ ਸਮੇਂ ਦੇ ਕਿਸੇ ਹੋਰ ਸਰਕਾਰੀ ਅਧਿਕਾਰੀ ਨੇ ਇਸ ਨੂੰ ਚੁਣੌਤੀ ਨਹੀਂ ਦਿੱਤੀ ਹੈ ਤੇ ਨਾ ਹੀ ਇਨਕਾਰ ਕੀਤਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ 1984 ਦੇ ਦਿੱਲੀ ਕਤਲੇਆਮ ਦੇ ਕਾਤਲਾਂ ਅਤੇ ਸਾਜ਼ਿਸ਼ਕਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ।

ਉਨ੍ਹਾਂ ਲਿਖਿਆ ਹੈ ਕਿ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਇਸ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਸਨ ਅਤੇ ਇਹ ਸਮਝਣਾ ਵੀ ਕਿ ਦੇਸ਼ ਦੀ ਸਭ ਤੋਂ ਵੱਧ ਦੇਸ਼ ਭਗਤ ਘੱਟਗਿਣਤੀ ਨੂੰ ਸਿਰਫ਼ ਸਿਆਸੀ ਲਾਹਾ ਲੈਣ ਲਈ ਅਤੇ ਬਹੁਗਿਣਤੀ ਦੀਆਂ ਵੋਟਾਂ ਹਾਸਿਲ ਕਰਨ ਦੇ ਇਰਾਦੇ ਨਾਲ ਕਿਵੇਂ ਅਤੇ ਕਿਉਂ ਰਾਸ਼ਟਰ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ।

ਸਿੰਘ ਨੇ ਸਾਫ ਲਿਖਿਆ ਹੈ ਕਿ ਸਿੱਖਾਂ ਦੇ ਕਤਲੇਆਮ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵੀ ਸ਼ਹਿ ਮਿਲੀ ਸੀ, ਜਿਸ ਨੇ ਆਪਣੀ ਪਾਰਟੀ ਦੇ ਵਰਕਰਾਂ ਅਤੇ ਸਾਜ਼ਿਸ਼ ਨੂੰ ਅੰਜ਼ਾਮ ਦੇਣ ਲਈ ‘ਸ਼ਾਨਦਾਰ ਕੰਮ’ ਦਾ ਸੁਨੇਹਾ ਭੇਜਿਆ ਸੀ। ਇਹ ਪੁਲਿਸ ਨੂੰ ਅੱਖਾਂ ਬੰਦ ਕਰਨ ਅਤੇ ਕਾਤਲਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਦੇ ਨਾਲ ਹੋਇਆ ਸੀ।

ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ 38 ਸਾਲਾਂ ਵਿੱਚ ਚਾਰ ਜਾਂਚ ਕਮਿਸ਼ਨ, 9 ਕਮੇਟੀਆਂ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਬਣਾਈਆਂ ਗਈਆਂ ਸਨ ਪਰ ਉਹ ਅਜੇ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿੱਚ ਅਤੇ ਅਸਲ ਸਾਜ਼ਿਸ਼ ਦਾ ਖੁਲਾਸਾ ਕਰਨ ਵਿੱਚ ਅਸਫਲ ਰਹੀਆਂ ਹਨ।

ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਘਿਨਾਉਣੇ ਅਪਰਾਧ ਵਿੱਚ ਕੁਝ “ਉੱਚ ਅਤੇ ਤਾਕਤਵਰ” ਲੋਕਾਂ ਦੇ ਨਾਮ ਸਾਹਮਣੇ ਆਏ ਹਨ।

ਸਿੰਘ ਨੇ ਦਾਅਵਾ ਕੀਤਾ ਹੈ ਕਿ ਕਤਲੇਆਮ ਦੇ ਸਾਹਮਣੇ ਆਉਣ ਤੇ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਸ਼੍ਰੀ ਆਈ ਕੇ ਗੁਜਰਾਲ ਜੀ ਦੇ ਸਾਹਮਣੇ ਫੌਜ ਨੂੰ ਬੁਲਾਉਣ ਵਿੱਚ ਅਸਮਰਥਤਾ ਜ਼ਾਹਿਰ ਕੀਤੀ ਸੀ।

ਆਰਪੀ ਸਿੰਘ ਨੇ ਅੱਗੇ ਕਿਹਾ ਕਿ ਜਸਟਿਸ ਢੀਂਗਰਾ ਨੇ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਇੱਕ ਅਦਿੱਖ ਤਾਕਤ ਨੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਇਸ ਦੇ ਕਵਰਅੱਪ ਦਾ ਪ੍ਰਬੰਧ ਵੀ ਕੀਤਾ ।

ਆਰ ਪੀ ਸਿੰਘ ਨੇ ਕਿਹਾ ਹੈ ਕਿ ਇਸ ਕਮਿਸ਼ਨ ਦੀ ਰਿਪੋਰਟ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਬਹੁਤ ਸ਼ਲਾਘਾਯੋਗ ਹੋਵੇਗਾ।

ਗ੍ਰਹਿ ਮੰਤਰੀ ਨੂੰ ਦਿੱਤੇ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਦਸਤਾਵੇਜ਼ ਹਨ ਜੋ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਕਤਲੇਆਮ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਸੀ।

ਇਸ ਤੋਂ ਅੱਗੇ ਸਿੰਘ ਲਿਖਦੇ ਹਨ “ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ 1984 ਨਾਲ ਸਬੰਧਤ ਸਾਰੀਆਂ ਫਾਈਲਾਂ ਨੂੰ ਡੀ-ਕਲਾਸਫਾਈ ਕਰੋ ਅਤੇ ਲੋਕਾਂ ਨੂੰ ਅਸਲ ਸੱਚਾਈ ਬਾਰੇ ਦੱਸਣ ਦਿਓ ਕਿ ਅਸਲ ਵਿੱਚ ਕੀ ਹੋਇਆ ਸੀ,”

ਉਨ੍ਹਾਂ ਕਿਹਾ ਕਿ ਜੋ ਨੋਟ ਇੰਦਰਾ ਗਾਂਧੀ ਦੇ ਤਤਕਾਲੀ ਸੁਰੱਖਿਆ ਸਲਾਹਕਾਰ ਆਰ ਐਨ ਕਾਓ ਨੇ ਲਿਖਿਆ ਸੀ, ਉਸ ਨੂੰ ਵੀ ਸਭ ਦੇ ਸਾਹਮਣੇ ਲਿਆਉਣ ਦੀ ਲੋੜ ਹੈ। ਇਹ ਨੋਟ ਇਸ ਸਮੇਂ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਵਿੱਚ ਹੈ ਅਤੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੀ ਹੱਤਿਆ ਨਾਲ ਸਬੰਧਤ ਹੈ।

ਚਿੱਠੀ ਦੇ ਅੰਤ ਵਿੱਚ,ਆਰ ਪੀ ਸਿੰਘ ਨੇ 1984 ਦੇ ਸਬੰਧ ਵਿੱਚ ‘ਟਰੁੱਥ ਕਮਿਸ਼ਨ ਦੇ ਗਠਨ ਦਾ ਸੁਝਾਅ ਦਿਤਾ ਹੈ ਤਾਂ ਜੋ 1, ਅਕਬਰ ਰੋਡ ਟੀਮ ਦੇ ਮੈਂਬਰਾਂ, ਜਿਹਨਾਂ ਨੇ ਰਾਜਨੀਤਿਕ ਲਾਹਾ ਲੈਣ ਲਈ 1984 ਦੇ ਆਪ੍ਰੇਸ਼ਨ ਬਲੂ ਸਟਾਰ ਅਤੇ ਦਿੱਲੀ ਅਤੇ ਹੋਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯੋਜਨਾ ਬਣਾਈ,ਦਾ ਪਰਦਾਫਾਸ਼ ਕੀਤਾ ਜਾ ਸਕੇ । ਇਸ ਸੂਚੀ ਵਿੱਚ ਅਰੁਣ ਸਿੰਘ ਅਤੇ ਕਮਲਨਾਥ ਵਰਗੇ ਆਗੂ ਸ਼ਾਮਲ ਹਨ ਜਿਨ੍ਹਾਂ ਨੇ ਸੰਜੇ ਗਾਂਧੀ ਅਤੇ ਬਾਅਦ ਵਿੱਚ ਰਾਜੀਵ ਗਾਂਧੀ ਦੇ ਨਿਰਦੇਸ਼ਾਂ ਹੇਠ ਕੰਮ ਕੀਤਾ।

ਇਸ ਤੋਂ ਇਲਾਵਾ ਉਹਨਾਂ ਨੇ ਕੁੱਝ ਪੁਲਿਸ ਅਫਸਰਾਂ ਦਾ ਵੀ ਨਾਮ ਲਿਆ ਹੈ । ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਓਐਸਡੀ ਤਰਲੋਚਨ ਸਿੰਘ ਵੱਲੋਂ ਉਸ ਵੇਲੇ ਰਾਸ਼ਟਰਪਤੀ ਤੇ ਕੇਂਦਰ ਸਰਕਾਰ,ਗ੍ਰਹਿ ਮੰਤਰਾਲੇ ਵਿਚਾਲੇ ਸਾਂਝੀਆਂ ਕੀਤੀਆਂ ਗਈਆਂ ਜਾਣਕਾਰੀਆਂ ਨੂੰ ਜਨਤਕ ਕਰਨ ਦੀ ਮੰਗ ਵੀ ਉਹਨਾਂ ਰੱਖੀ ਹੈ।