ਬਿਉਰੋ ਰਿਪੋਰਟ : ਅਬੋਹਰ ਤੋਂ ਬੀਜੇਪੀ ਦੇ ਸਾਬਕਾ ਵਿਧਾਇਕ ਅਰੁਣ ਨਾਾਰੰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਸਾਬਕਾ ਵਿਧਾਇਕ ਨਾਰੰਗ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ । ਜਿਸ ਦਿਨ ਸੁਨੀਲ ਜਾਖੜ ਨੂੰ ਬੀਜੇਪੀ ਨੇ ਸੂਬਾ ਪ੍ਰਧਾਨ ਬਣਾਇਆ ਸੀ ਉਸੇ ਦਿਨ ਤੋਂ ਅਰੁਣ ਨਾਰੰਗ ਨਰਾਜ਼ ਸਨ ਅਤੇ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਬੀਜੇਪੀ ਕਾਰਜਕਰਤਾ ਦੇ ਤੌਰ ‘ਤੇ ਕੰਮ ਕਰਦਾ ਰਹਾਂਗਾ । ਪਰ ਹੁਣ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ ।
2017 ਵਿੱਚ ਸੁਨੀਲ ਜਾਖੜ ਨੂੰ ਹਰਾਇਆ ਸੀ
ਅਰੁਣ ਨਾਰੰਗ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਕਾਫੀ ਦਿਨਾਂ ਤੋਂ ਚੱਲ ਰਹੀਆਂ ਸਨ । ਦਰਅਸਲ 2017 ਵਿੱਚ ਅਰੁਣ ਨਾਰੰਗ ਨੇ ਬੀਜੇਪੀ ਦੀ ਟਿਕਟ ‘ਤੇ 3 ਵਾਰ ਦੇ ਵਿਧਾਇਕ ਸੁਨੀਲ ਜਾਖੜ ਨੂੰ ਹਰਾਇਆ ਸੀ । ਕਿਸਾਨ ਅੰਦੋਲਨ ਦੌਰਾਨ ਵੀ ਉਹ ਨਿਸ਼ਾਨਾ ਬਣੇ ਸਨ ਉਨ੍ਹਾਂ ਦੇ ਨਾਲ ਕੁੱਟਮਾਰ ਹੋਈ ਸੀ । ਪਰ ਇਸ ਦੇ ਬਾਵਜੂਦ ਜਦੋਂ ਜਾਖੜ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਉਹ ਕਾਫੀ ਦੁੱਖੀ ਸੀ । ਸਾਬਕਾ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰ ਅੰਦਾਜ਼ ਕੀਤਾ ਗਿਆ ਸੀ ।