‘ਦ ਖ਼ਾਲਸ ਬਿਊਰੋ :- ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅੱਜ ਕੋਲਕਾਤਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਚੋਣ ਰੈਲੀ ਕੀਤੀ। ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇੱਕ ਦੂਜੇ ਖਿਲਾਫ਼ ਬਿਆਨਾਂ ਕਾਰਨ ਕਾਫੀ ਗਰਮ ਰਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਬੰਗਾਲ ਦੇ ਲੋਕਾਂ ਨੇ ਤਬਦੀਲੀ ਲਈ ਮਮਤਾ ਬੈਨਰਜੀ ਉੱਤੇ ਭਰੋਸਾ ਕੀਤਾ ਸੀ, ਪਰ ਉਨ੍ਹਾਂ ਅਤੇ ਉਨ੍ਹਾਂ ਦੇ ਕਾਡਰ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ ਅਤੇ ਬੰਗਾਲ ਨੂੰ ਬਦਨਾਮ ਕੀਤਾ ਹੈ।
ਬੰਗਾਲ ਦਾ ਅੱਜ ਦਾ ਇਕੱਠ ਲੋਕਾਂ ਦੀ ਉਮੀਦ ਅਤੇ ਆਸ ਨਾ ਟੁੱਟਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਕੁੱਝ ਵੀ ਬੰਗਾਲ ਤੋਂ ਖੋਹਿਆ ਗਿਆ ਹੈ, ਉਹ ਵਾਪਸ ਕੀਤਾ ਜਾਵੇਗਾ। ਬੰਗਾਲ ਹੁਣ ਵਿਕਾਸ ਦੀਆਂ ਉੱਚਾਈਆਂ ‘ਤੇ ਪਹੁੰਚੇਗਾ। ਅਸੀਂ ਤੁਹਾਡੀ ਸੇਵਾ ਕਰਾਂਗੇ, ਤੁਹਾਡਾ ਭਰੋਸਾ ਜਿੱਤਾਂਗੇ, ਬੰਗਾਲ ਦਾ ਵਿਕਾਸ ਕਰਾਂਗੇ। ਹਰ ਪਲ ਤੁਹਾਡੇ ਸੁਪਨਿਆਂ ਲਈ ਜੀਵਾਂਗੇ’।
ਮੋਦੀ ਨੇ ਕਿਹਾ ਕਿ ‘ਮੈਂ ਬੰਗਾਲ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ। ਸਾਡੀ ਸਰਕਾਰ ਬਣੇਗੀ ਤਾਂ ਬੰਗਾਲ ਦੀ ਸੂਰਤ ਬਦਲੇਗੀ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। 21ਵੀਂ ਸਦੀ ਦਾ ਆਧੁਨਿਕ ਢਾਂਚਾ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਹੋਵੇਗਾ। ਅਸੀਂ ਸਿਰਫ਼ ਚੋਣਾਂ ਨਹੀਂ, ਤੁਹਾਡਾ ਵਿਸ਼ਵਾਸ ਜਿੱਤਾਂਗੇ। ਬੰਗਾਲ ਦੇ ਵਿਕਾਸ ਲਈ ਅਗਲੇ 25 ਸਾਲ ਬਹੁਤ ਅਹਿਮ ਹਨ। ਕੋਲਕਾਤਾ ਖੁਸ਼ੀਆਂ ਦਾ ਸ਼ਹਿਰ ਹੈ। ਅਸੀਂ ਕੋਲਕਾਤਾ ਦਾ ਵਿਕਾਸ ਹੋਰ ਤੇਜ਼ੀ ਨਾਲ ਕਰਾਂਗੇ’।
ਉਨ੍ਹਾਂ ਨੇ ਕਿਹਾ ਕਿ ‘ਅਸੀਂ ਰੁਕੇ ਹੋਏ ਕੰਮਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਾਂਗੇ। ਅਧੂਰੇ ਪ੍ਰੋਜੈਕਟ ਪੂਰੇ ਹੋਣਗੇ। ਝੁੱਗੀਆਂ ‘ਚ ਰਹਿਣ ਵਾਲਿਆਂ ਨੂੰ ਪੱਕੇ ਘਰ ਮਿਲਣਗੇ। ਇੰਜੀਨਿਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਬੰਗਾਲ ‘ਚ ਹੋਵੇਗੀ। ਬੰਗਾਲ ਦੇ 5 ਸਾਲ ਬਰਬਾਦ ਹੋ ਚੁੱਕੇ ਹਨ। ਇਸ ਨੂੰ ਹੋਰ ਬਰਬਾਦ ਨਹੀਂ ਕੀਤਾ ਜਾ ਸਕਦਾ। ਅੱਜ ਬੰਗਾਲ ’ਚ ਮਾਂ-ਮਾਨੁਸ-ਮਾਟੀ ਦੀ ਹਾਲਾਤ ਖ਼ਰਾਬ ਹੋ ਗਈ ਹੈ। ਮਮਤਾ ਦੀਦੀ, ਤੁਸੀਂ ਵੀ ਕਾਂਗਰਸ ਵਰਗੀ ਭਾਈ-ਭਤੀਜਾਵਾਦ ਦੀ ਰਾਜਨੀਤੀ ਨੂੰ ਛੱਡ ਨਹੀਂ ਪਾਏ। ਤੁਸੀਂ ਵੀ ਇੱਕ ਹੀ ਭਤੀਜੇ ਦੀ ਭੂਆ ਬਣ ਕੇ ਰਹਿ ਗਏ’।
ਮੋਦੀ ਨੇ ਕਿਹਾ ਕਿ ‘ਸਾਡਾ ਮਕਸਦ ਸਿਰਫ਼ ਬੰਗਾਲ ਦੀਆਂ ਆਮ ਚੋਣਾਂ ਜਿੱਤਣਾ ਨਹੀਂ ਹੈ। ਇਹ ਜਿੱਤ ਬੰਗਾਲ ਦੇ ਅਗਲੇ 25 ਸਾਲ ਦੀ ਬੁਨਿਆਦ ਧਰੇਗੀ। ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ, ਇਹ ਫਾਰਮੂਲਾ ਬੰਗਾਲ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ। ਮੈਂ ਬੰਗਾਲੀ ਸਾਥੀਆਂ ਦੀ ਵੱਧ ਤੋਂ ਵੱਧ ਮਦਦ ਕਰਨਾ ਚਾਹੁੰਦਾਂ ਹਾਂ ਅਤੇ ਇਸ ਵਿੱਚ ਅੜਚਣ ਪਾਉਣ ਵਾਲੇ ਸੁਣ ਲੈਣ ਕਿ ਮੈਂ ਇਸ ਤੋਂ ਪਿੱਛੇ ਨਹੀਂ ਹਟਾਂਗਾ। ਮੈਂ ਬੰਗਾਲ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬੰਗਾਲ ਨੂੰ ਭੈਅ, ਫਿਰਕੂਪੁਣੇ, ਲੁੱਟ ਤੰਤਰ ਤੋਂ ਆਜ਼ਾਦੀ ਪਾਉਣ ਲਈ ਆਪਣੀ ਵੋਟ ਪਾਉਣ। ਟੀਐੱਮਸੀ ਦੇ ਫੈਲਾਏ ਕੀਚੜ ’ਚੋਂ ਹੀ ਕਮਲ ਖਿਲ ਰਿਹਾ ਹੈ’।
ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਮਮਤਾ ਬੈਨਰਜੀ ਵੀ ਕਾਂਗਰਸ ਵਾਂਗ ਹੀ ਭਾਈ-ਭਤੀਜਾਵਾਦ ਦੀ ਰਾਜਨੀਤੀ ਕਰ ਰਹੇ ਹਨ। ਬੰਗਾਲ ਦੇ ਲੱਖਾ ਭਤੀਜੇ-ਭਤੀਜੀਆਂ ਦੀ ਬਜਾਏ ਤੁਸੀਂ ਆਪਣੇ ਭਤੀਜੇ ਦੇ ਲਾਲਚ ਪੂਰੇ ਕਰਨ ਲਈ ਕਿਉਂ ਲੱਗ ਗਏ ਹੋ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਾਲ ਵਿੱਚ ਪਰਿਵਰਤਨ ਕਰਨ ਦੇ ਸੱਦੇ ਦਾ ਜਵਾਬ ਦਿੰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ‘ਪਰਿਵਰਤਨ ਬੰਗਾਲ ਵਿੱਚ ਨਹੀਂ, ਦਿੱਲੀ ਵਿੱਚ ਹੋਵੇਗਾ’। ਮੋਦੀ ਵੱਲੋਂ ਬੰਗਾਲ ਵਿੱਚ ਮਹਿਲ ਸੁਰੱਖਿਅਤ ਨਾ ਹੋਣ ਦੇ ਇਲਜ਼ਾਮ ਵਿੱਚ ਬੈਨਰਜੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਯੂ.ਪੀ., ਬਿਹਾਰ ਅਤੇ ਹੋਰ ਸੂਬਿਆਂ ਵੱਲ ਨਜ਼ਰ ਘੁਮਾਉਣ’।