India Punjab

ਕਿਸਾਨੀ ਅੰਦੋਲਨ ਦੀ ਜਿੱਤ ਲਈ ਚਾਰ ਹੋਰ ਕਿਸਾਨਾਂ ਨੇ ਹਾਰੀ ਜ਼ਿੰਦਗੀ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੌਰਾਨ ਚਾਰ ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਸਿੰਘੂ ਬਾਰਡਰ ‘ਤੇ ਇੱਕ ਨੌਜਵਾਨ ਕਿਸਾਨ ਹਰਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਿੰਦਰ ਸਿੰਘ ਕਰਨਾਲ ਦਾ ਰਹਿਣ ਵਾਲਾ ਸੀ। ਹਰਿੰਦਰ ਸਿੰਘ ਕੱਲ੍ਹ ਕਿਸਾਨਾਂ ਵੱਲੋਂ KMP ਐਕਸਪ੍ਰੈੱਸ ਵੇਅ ਨੂੰ ਜਾਮ ਕਰਨ ਦੇ ਸੱਦੇ ਵਿੱਚ ਸ਼ਾਮਿਲ ਹੋਇਆ ਸੀ। ਹਰਿੰਦਰ ਸਿੰਘ ਦਾ ਇੱਕ 7 ਸਾਲਾਂ ਦਾ ਪੁੱਤਰ ਹੈ ਅਤੇ ਹਰਿੰਦਰ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਇੱਕ ਕਿਸਾਨ ਰਾਜਬੀਰ ਨੇ ਟਿਕਰੀ ਬਾਰਡਰ ਨੇੜੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਕੋਲੋਂ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ।

ਲਹਿਰਾਗਾਗਾ ਨੇੜਲੇ ਪਿੰਡ ਗੰਢੂਆਂ ਦੇ ਵਸਨੀਕ 70 ਸਾਲਾ ਕਿਸਾਨ ਜਨਕ ਸਿੰਘ ਦੀ ਬੀਤੀ ਰਾਤ ਦਿੱਲੀ ਦੇ ਟਿਕਰੀ ਬਾਰਡਰ ’ਚ ਸੰਘਰਸ਼ ਦੌਰਾਨ ਮੌਤ ਹੋ ਗਈ। ਕਿਸਾਨ ਜਨਕ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਸੀ ਅਤੇ ਦਿੱਲੀ ਦੇ ਟਿਕਰੀ ਬਾਰਡਰ ’ਚ ਤਿੰਨ-ਚਾਰ ਵਾਰ ਧਰਨੇ ’ਤੇ ਕਈ-ਕਈ ਦਿਨ ਗੁਜ਼ਾਰ ਆਇਆ ਸੀ ਪਰ ਇਸ ਵਾਰ ਧਰਨੇ ਸਮੇਂ 27 ਫਰਵਰੀ ਨੂੰ ਉਸ ਨੂੰ ਸਟੇਜ ’ਤੇ ਹੀ ਦੌਰਾ ਪਿਆ ਤਾਂ ਜਥੇਬੰਦੀ ਨੇ ਉਸ ਨੂੰ ਸਰਕਾਰੀ ਹਸਪਤਾਲ ਬਹਾਦਰਗੜ੍ਹ ’ਚ ਇਲਾਜ ਲਈ ਦਾਖਲ ਕਰਵਾਇਆ।

28 ਫਰਵਰੀ ਨੂੰ ਡਾਕਟਰਾਂ ਦੀ ਸਲਾਹ ’ਤੇ ਪਰਿਵਾਰ ਨੇ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਅਤੇ ਉੱਥੋਂ ਹਾਲਤ ਠੀਕ ਨਾ ਹੋਣ ਕਰਕੇ 6 ਮਾਰਚ ਨੂੰ ਪਰਿਵਾਰ ਜਨਕ ਸਿੰਘ ਨੂੰ ਪਿੰਡ ਗੰਢੂਆਂ ਵਾਪਸ ਲੈ ਕੇ ਆ ਰਹੇ ਸਨ ਤਾਂ ਉਨ੍ਹਾਂ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਸਰਕਾਰੀ ਹਸਪਤਾਲ ’ਚ ਪੋਸਟ ਮਾਟਰਮ ਲਈ ਰੱਖੀ ਗਈ ਹੈ।

ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਦਾ 42 ਸਾਲਾ ਕਿਸਾਨ ਸਤਪਾਲ ਸਿੰਘ ਟਿਕਰੀ ਬਾਰਡਰ ’ਤੇ ਸੰਘਰਸ਼ ਦੌਰਾਨ ਬਿਮਾਰ ਹੋ ਗਿਆ ਅਤੇ ਪਿੰਡ ਵਾਪਸ ਆਉਣ ਤੋਂ ਬਾਅਦ ਉਸਦੀ ਮੌਤ ਹੋ ਗਈ। ਸਤਪਾਲ ਸਿੰਘ ਆਪਣੇ ਪਿੰਡ ਦੇ ਹੋਰ ਕਿਸਾਨਾਂ ਨਾਲ ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ ਗਿਆ ਸੀ। ਚਾਰ-ਪੰਜ ਦਿਨ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਆਉਣ ਕਰਕੇ ਸਤਪਾਲ ਸਿੰਘ ਵਾਪਸ ਪਿੰਡ ਆ ਗਿਆ ਅਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਭੁੱਚੋ ਦੇ ਆਦੇਸ਼ ਹਸਪਤਾਲ ਦਾਖ਼ਲ ਕਰਵਾਇਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸਤਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਸੀ। ਉਹ ਆਪਣੀ ਚਾਰ ਏਕੜ ਜ਼ਮੀਨ ਵਿੱਚ ਖੇਤੀ ਕਰਕੇ ਪਰਿਵਾਰ ਪਾਲਦਾ ਸੀ। ਮ੍ਰਿਤਕ ਸਤਪਾਲ ਸਿੰਘ ਆਪਣੇ ਪਿੱਛੇ ਪੁੱਤਰ, ਪਤਨੀ ਅਤੇ ਪਿਤਾ ਛੱਡ ਗਿਆ ਹੈ।