India Punjab

ਬੀਜੇਪੀ ਨੇ ਪੋਸਟਰ ਰਾਹੀਂ ਪੰਜਾਬ ਪੁਲਿਸ ਨੂੰ ਠਹਿਰਾਇਆ ‘ਕਸੂਰਵਾਰ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਪਾਰਟੀ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟਰ ਸ਼ੇਅਰ ਕਰਦਿਆਂ ਪੰਜਾਬ ਪੁਲਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਲੈ ਕੇ ਦੋਸ਼ ਮੜਿਆ ਹੈ। ਬੀਜੇਪੀ ਨੇ ਇੱਕ ਪੋਸਟਰ ਆਮ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫਿਰੋਜ਼ਪੁਰ ਦੇ ਸੀਆਈਡੀ ਦੇ ਡੀਐੱਸਪੀ ਸੁਖਦੇਵ ਸਿੰਘ ਨੇ ਕਾਂਗਰਸ ਦੀ ਸਾਜਿਸ਼ ਦੀ ਪੋਲ ਖੋਲ੍ਹਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਆਉਣ ਦੀ ਖ਼ਬਰ ਪੁਲਿਸ ਦੇ ਅਫ਼ਸਰਾਂ ਕੋਲ ਤਿੰਨ ਦਿਨ ਪਹਿਲਾਂ ਹੀ ਪਹੁੰਚ ਗਈ ਸੀ।

ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਤਾਂ ਇੱਦਾਂ ਦਾ ਕੁੱਝ ਕਿਹਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਬਾਰੇ ਕੁੱਝ ਵੀ ਪਤਾ ਨਹੀਂ ਸੀ। ਸੂਬਾ ਸਰਕਾਰ ਨੇ ਤਾਂ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਸੜਕੀ ਰੂਟ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਤਾਂ ਸਿਰਫ਼ ਮੋਦੀ ਦੇ ਹਵਾਈ ਰੂਟ ਬਾਰੇ ਹੀ ਜਾਣਕਾਰੀ ਦਿੱਤੀ ਗਈ ਸੀ। ਦਰਅਸਲ, ਪੰਜ ਜਨਵਰੀ ਨੂੰ ਮੋਦੀ ਇੱਕ ਦਿਨਾ ਦੌਰੇ ‘ਤੇ ਪੰਜਾਬ ਆਏ ਸਨ ਅਤੇ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਰੈਲੀ ਵਾਸਤੇ ਕਰੀਬ 80 ਹਜ਼ਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਮੋਦੀ ਵੱਲੋਂ ਖਰਾਬ ਮੌਸਮ ਹੋਣ ਕਰਕੇ ਬਠਿੰਡਾ ‘ਚ ਹੈਲੀਪੈਡ ‘ਤੇ ਹੀ ਉਤਰ ਗਏ ਅਤੇ ਅੱਗਿਓਂ ਗੱਡੀ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋ ਗਏ। ਰਸਤੇ ਵਿੱਚ ਉਨ੍ਹਾਂ ਨੂੰ ਇੱਕ ਪੁਲ ‘ਤੇ ਕਰੀਬ 15 ਤੋਂ 20 ਮਿੰਟ ਲਈ ਰੁਕਣਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਵਾਪਸ ਜਾਣ ਦਾ ਮਨ ਬਣਾ ਲਿਆ। ਮੋਦੀ ਨੇ ਵਾਪਸੀ ਦਾ ਕਾਰਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਦੱਸਿਆ। ਇਸ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਬਹੁਤ ਗਰਮਾ ਗਈ ਹੈ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੱਕ ਦੀਆਂ ਗੱਲਾਂ ਫੈਲ ਗਈਆਂ ਸਨ।