‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਚ ਅੱਜ ਭਾਜਪਾ ਅਤੇ ਆਪ ਹੋਣਗੇ ਆਹਮੋ-ਸਾਹਮਣੇ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੈ, ਜਿਸ ਲਈ ਹਾਊਸ ਵਿੱਚ ਅੱਜ ਵੋਟਾਂ ਪੈਣਗੀਆਂ। ਮੇਅਰ , ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਣੀ ਹੈ। ਇਸ ਦੇ ਨਾਲ ਹੀ ਨਵੇਂ ਮੇਅਰ ਦੀ ਨਿਯੁਕਤੀ ਨਾਲ ਸ਼ਹਿਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਵੀ ਠੱਲ੍ਹ ਪੈ ਜਾਵੇਗੀ। ਆਪ ਤੇ ਭਾਜਪਾ ਵਿਚਾਲੇ ਸਖ਼ਤ ਟੱਕਰ ਹੋਵੇਗੀ। ਇੱਥੇ 35 ਮੈਂਬਰਾਂ ਦਾ ਸਦਨ ਹੈ ਅਤੇ ਮੇਅਰ ਦੀ ਚੋਣ ਲਈ 19 ਵੋਟਾਂ ਦੀ ਲੋੜ ਹੈ।ਹੁਣ ਦੇਖਣਾ ਇਹ ਹੈ ਕਿ ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਜਾਂਦਾ ਹੈ ਜਾਂ ਭਾਜਪਾ ਕੋਲ, ਕਿਉਂਕਿ ਭਾਜਪਾ-ਆਪ ਕੋਲ 14-14 ਕੌਂਸਲਰ ਹਨ। ਸੰਸਦ ਮੈਂਬਰ ਕਿਰਨ ਖੇਰ ਅਤੇ ਹਰਪ੍ਰੀਤ ਕੌਰ ਬਬਲਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਕੋਲ 14 ਕੌਂਸਲਰ ਹੋ ਗਏ ਹਨ। ਕਾਂਗਰਸ ਅਤੇ ਅਕਾਲੀ ਦਲ ਨੇ ਚੋਣਾਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।ਕਾਂਗਰਸ ਅਤੇ ਅਕਾਲੀ ਦਲ ਸਿਰਫ਼ ਦਰਸ਼ਕਾਂ ਦੀ ਭੂਮਿਕਾ ਵਿੱਚ ਹੀ ਰਹਿਣਗੇ।ਦੂਜੇ ਪਾਸੇ ਨਾ ਤਾਂ ਭਾਜਪਾ ਕੋਲ ਬਹੁਮਤ ਹੈ ਅਤੇ ਨਾ ਹੀ ਆਪ ਕੋਲ ਵੱਧ ਗਿਣਤੀ ਹੈ। ਅਜਿਹੇ ‘ਚ ਕਰਾਸ ਵੋਟਿੰਗ ਤੋਂ ਬਿਨਾਂ ਜੇਕਰ ਮੁਕਾਬਲਾ ਆਖਰੀ ਸਮੇਂ ‘ਤੇ ਵੀ ਹੁੰਦਾ ਹੈ ਤਾਂ ਮੇਅਰ ਦੀ ਚੋਣ ਪਰਚੀ ਰਾਹੀਂ ਹੀ ਹੋਵੇਗੀ। 1 ਜਨਵਰੀ ਨੂੰ ਸਾਰੇ ਨਵੇਂ 35 ਕੌਂਸਲਰਾਂ ਨੇ ਸਹੁੰ ਵੀ ਚੁੱਕ ਲਈ ਹੈ।